ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ
ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚੁੰਮਦੀ ਰਹੀ
ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ
ਤੁਰਨ ਤੋਂ ਪਹਿਲਾ ਸੀ ਤੇਰੇ ਜੋਬਨ ਤੇ ਬਹਾਰ
ਤੁਰਨ ਪਿੱਛੋਂ ਵੇਖਿਆ ਕਿ ਹਰ ਕਲੀ ਕੁਮਲਾ ਗਈ
ਉਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ
ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ
ਅੰਤ ਉਹੀਉ ਪੀੜ 'ਸ਼ਿਵ' ਨੂੰ ਖਾਂਦੀ ਖਾਂਦੀ ਖਾ ਗਈ