ਰਾਜਾ ਤੇ ਪੁੱਛਦਾ ਰਾਣੀਏਂ,
ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
ਗਾਗਰ ਦੇ ਸੁੱਚੇ ਮੋਤੀ ਕਿਹਨੂੰ ਦੇਈਏ ।
ਪਾਂਧੇ ਦੇ ਜਾਈਏ ਵੇ ਰਾਜਾ,
ਸਾਹਾ ਸੁਧਾਈਏ, ਸਾਹਾ ਸੁਧਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,
ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਉਂ ।
ਨਾਈ ਦੇ ਜਾਈਏ ਵੇ ਰਾਜਾ,
ਗੰਢਾਂ ਘਲਾਈਏ, ਗੰਢਾਂ ਘਲਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਲਲਾਰੀ ਦੇ ਜਾਈਏ ਵੇ ਰਾਜਾ,
ਚੀਰਾ ਰੰਗਾਇਏ, ਚੀਰਾ ਰੰਗਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਸੁਨਿਆਰੇ ਦੇ ਜਾਈਏ ਵੇ ਰਾਜਾ,
ਕੈਂਠਾ ਘੜਾਈਏ, ਕੈਂਠਾ ਘੜਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ਵੇ ਰਾਜਾ ।
ਮਾਲਣ ਦੇ ਜਾਈਏ ਵੇ ਰਾਜਾ,
ਸਿਹਰਾ ਗੁੰਦਾਈਏ, ਸਿਹਰਾ ਗੁੰਦਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਦਰਜੀ ਦੇ ਜਾਈਏ ਵੇ ਰਾਜਾ,
ਲੀੜੇ ਸਵਾਈਏ, ਲੀੜੇ ਸਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਮੋਚੀ ਦੇ ਜਾਈਏ ਵੇ ਰਾਜਾ,
ਜੋੜਾ ਬਣਵਾਈਏ, ਜੋੜਾ ਬਣਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।