ਅੱਜ ਲੋੜ ਹੈ ਮਾਈ ਭਾਗੋ ਦੀ!
ਇਤਿਹਾਸ ਹੈ, 40 ਸਿੰਘਾਂ ਨੇ
ਬੇਕਸਾਂ ਦੇ ਯਾਰ ਨੂੰ
ਕਲਗੀਧਰ, ਦਸ਼ਮੇਸ਼ ਪਿਤਾ ਨੂੰ
ਚੱਲਦੀ ਲੜਾਈ ਵਿਚ
ਅੱਧਵਾਟੇ ਛੱਡ ਜਾਂਦਿਆਂ
ਕਿਹਾ ਸੀ
ਤੁਸੀਂ ਸਾਡੇ ਗੁਰੂ ਨਹੀਂ
ਅਸੀਂ ਤੁਹਾਡੇ ਸਿੰਘ ਨਹੀਂ
'ਤੇ ਲਿਖ ਕੇ ਦੇ ਦਿੱਤਾ ਸੀ
ਇਕ ਬੇਦਾਵਾ
ਉਸ ਬੇਦਾਵੇ ਵਿਚੋਂ
ਪੈਦਾ ਹੋਈ
ਤੜਪ ਦਾ ਨਾਂਅ ਸੀ
ਮਾਈ ਭਾਗੋ
ਜਿਸ ਵੰਗਾਰਿਆ ਸੀ
ਉਨ੍ਹਾਂ ਚਾਲੀਆਂ ਨੂੰ
ਕਿ ਲਉ ਪਾ ਲਉ ਚੂੜੀਆਂ
ਨਿਗੁਰਿਉ, ਬੇਮੁਖੋ
ਅਸੀਂ ਲੜਾਂਗੀਆਂ
ਆਪਣੇ ਦਸ਼ਮੇਸ਼ ਪਿਤਾ ਲਈ
ਸਿੱਖੀ ਲਈ
ਖਾਲਸੇ ਦੀ ਆਨ ਲਈ
ਸਿੱਖੀ ਦੀ ਸ਼ਾਨ ਲਈ
ਤਾਕਿ ਝੂਲਤੇ ਨਿਸ਼ਾਨ ਰਹੇਂ
ਪੰਥ ਮਹਾਰਾਜ ਕੇ
ਅੱਜ ਲੋੜ ਹੈ ਮਾਈ ਭਾਗੋ ਦੀ
ਪਰ ਕੀ ਕਾਫ਼ੀ ਹੋਵੇਗੀ ਕੇਵਲ ਇਕ
ਕੇਵਲ ਇਕ ਮਾਈ ਭਾਗੋ?
ਉਸ ਵੇਲੇ ਤਾਂ
ਚਾਲੀ! ਕੇਵਲ ਚਾਲੀ ਸਿੰਘ
ਹੀ ਬੇਮੁੱਖ ਹੋਏ ਸਨ
ਆਪਣੇ ਸਤਿਗੁਰੂ ਤੋਂ
ਤੇ ਉਨ੍ਹਾਂ ਚਾਲੀਆਂ ਨੇ
ਮਾਈ ਭਾਗੋ ਦੀ ਵੰਗਾਰ 'ਤੇ
ਬੇਦਾਵਾ ਪਾੜ ਕੇ
ਮੁੜ ਫ਼ੜ ਲਿਆ ਸੀ
ਗੁਰੂ ਦਾ ਪੱਲਾ
ਢਹਿ ਪਏ ਸਨ ਚਰਨੀਂ
ਬਖ਼ਸ਼ਾ ਲਈਆਂ ਸਨ ਭੁੱਲਾਂ
ਬੇਮੁੱਖੋਂ ਹੋ ਗਏ ਸਨ ਗੁਰਮੁਖ
ਨਿਗੁਰੇ ਹੋ ਗਏ ਸਨ ਗੁਰੂ ਵਾਲੇ
'ਤੇ ਗੁਰੂ, ਗੁਰੂ ਤਾਂ ਬਖ਼ਸ਼ੰਦ ਹੈ
ਗੁਰੂ ਤਾਂ ਕੋਟ ਪੈਂਡਾ ਅਗਾਂਹ ਹੋ ਕੇ
ਮਿਲਣ ਵਾਲਾ ਹੈ
ਗੁਰੂ ਤਾਂ ਧਾਹ ਗਲਵਕੜੀ
ਪਾਉਣ ਵਾਲਾ ਹੈ
ਗੁਰੂ ਤਾਂ ਟੁੱਟੀ ਗੰਢਣ ਵਾਲਾ ਹੈ
ਉਨ੍ਹਾਂ ਚਾਲੀਆਂ ਨੇ ਤਾਂ
ਸ਼ਹਾਦਤਾਂ ਪਾਉਣ ਤੋਂ ਪਹਿਲਾਂ
ਮੰਗ ਲਈ ਸੀ
ਗੁਰੂ ਤੋਂ ਮੁਕਤੀ
ਤੇ ਬਣ ਗਏ ਸਨ 40 ਮੁਕਤੇ
40 ਮੁਕਤੇ
ਜਿਹੜੇ ਅੱਜ ਵੀ ਜਿਉਂਦੇ ਨੇ
ਜੋੜ ਮੇਲਿਆਂ ਵਿਚ
ਸਿੱਖੀ ਦੀ ਆਤਮਾ ਵਿਚ
ਸਿੱਖਾਂ ਦੇ ਦਿਲਾਂ ਵਿਚ
ਅਮਰ ਹੋ ਗਏ ਨੇ
ਨਿਤ ਦਿਨ ਹੁੰਦੀ
ਅਰਦਾਸ ਦੇ ਨਾਲ
ਪਰ ਅੱਜ ਤਾਂ ਲੱਖਾਂ ਸਿੰਘ
ਗੁਰੂ ਦੀ ਬਖ਼ਸ਼ੀ
ਸਿੱਖੀ ਦੀ ਸ਼ਾਨ ਨੂੰ
ਛੰਡ ਕੇ ਵਗਾਹ ਮਾਰਨ ਨੂੰ
ਪਲ ਨਹੀਂ ਲਾਉਂਦੇ
ਗੁਰੂ ਦੇ ਬਖ਼ਸ਼ੇ ਤਾਜ ਲਾਹ ਕੇ
ਬੜੇ ਮਾਣ ਨਾਲ
ਲਿਖਾਉਂਦੇ ਹਾਂ, ਗਾਉਂਦੇ ਹਾਂ
ਸਿੰਘ ਇਜ਼ ਕਿੰਗ
ਸਿੰਘ ਇਜ਼ ਕਿੰਗ
ਅਸੀਂ ਤਾਜ ਵਿਹੂਣੇ ਸਿੰਘ
ਚਿਹਰਿਆਂ 'ਤੇ ਹੀ
ਲਿਖੀ ਫ਼ਿਰਦੇ ਹਾਂ ਬੇਦਾਵੇ
ਦੱਬੀ ਆਵਾਜ਼ ਵਿਚ ਹੀ ਨਹੀਂ
ਗੱਜ ਵੱਜ ਕੇ ਆਖ਼ਦੇ ਹਾਂ ਗੁਰੂ ਨੂੰ
ਅਸੀਂ ਤੇਰੇ ਸਿੰਘ ਨਹੀਂ
ਤੇ ਤੂੰ ਸਾਡਾ ਗੁਰੂ ਨਹੀਂ
ਉਨ੍ਹਾਂ ਚਾਲੀਆਂ ਨੇ ਤਾਂ
ਗੁਰੂ ਤੋਂ ਬੇਦਾਵਾ ਪੜਵਾ ਕੇ
ਪ੍ਰਾਪਤ ਕਰ ਲਈ ਸੀ ਮੁਕਤੀ
ਪਰ ਅੱਜ ਮਾਈ ਭਾਗੋ ਦੀ
ਅਣਹੋਂਦ ਵਿਚ
ਮਾਈ ਭਾਗੋ ਦੀ ਗੈਰ ਹਾਜ਼ਰੀ ਵਿਚ
ਸਾਡਾ ਕੀ ਬਣੇਗਾ?
ਸਾਡੀ ਟੁੱਟੀ ਕੌਣ ਗੰਢੇਗਾ?
ਸਾਡੀ ਮੁਕਤੀ ਕਿੰਜ ਹੋਵੇਗੀ?
- ਐੱਚ.ਐੱਸ.ਬਾਵਾ