ਪਹਿਲਾਂ,
ਕਿਸੇ ਮਾਸੂਮ ਜਿਹੇ
ਅਣਭੋਲ ਚਿਹਰੇ ਨੂੰ,
ਮੁਸਕਰਾਹਟਾਂ
ਦੀ ਦਾਤ ਦੇਣੀ,
ਮੁਸਕਰਾਉਣ ਦੀ
ਅਦਾ ਦੇਣੀ,
ਹੱਸਣ ਦਾ ਵਲ ਦੇਣਾ,
ਤੇ ਫਿਰ ਉਸੇ
ਹੰਸੂ ਹੰਸੂ ਕਰਦੇ ਚਿਹਰੇ ਨੂੰ
ਚਰੂੰਢ ਲੈਣਾ।
ਪਹਿਲਾਂ,
ਕਿਤੇ ਕੈਨਵਸ ਤਾਣ ਕੇ
ਇਕ ਚਿਹਰਾ ਉਲੀਕਣਾ,
ਉਸ ਚਿਹਰੇ 'ਚ
ਮਦਹੋਸ਼ ਕਰ ਦੇਣ ਵਾਲੇ
ਰੰਗ ਭਰਨੇ,
ਤੇ ਫਿਰ
ਜਦ ਕੈਨਵਸ 'ਤੇ ਉੱਕਰਿਆ
ਉਹ ਚਿਹਰਾ
ਬਾਤਾਂ ਪਾਉਣ ਲੱਗੇ,
ਤਾਂ ਉਸ ਵੇਲੇ
ਦੋਵਾਂ ਹੱਥਾਂ ਦੇ ਜ਼ੋਰ ਨਾਲ
ਕੈਨਵਸ ਨੂੰ ਪਾੜ ਦੇਣਾ,
ਅੱਗ ਲਾ ਦੇਣੀ,
ਸਾੜ ਦੇਣਾ।
ਪਹਿਲਾਂ,
ਕਿਸੇ ਪੰਛੀ ਨੂੰ ਖੰਭ ਲਾਉਣੇ,
ਉਹਨੂੰ
ਉੱਡਣ ਦੀ ਤੌਫ਼ੀਕ ਬਖ਼ਸ਼ਣੀ,
ਤੇ ਫਿਰ ਉਸ
ਨਵੇਂ ਨਵੇਂ ਉਡਾਰ ਨੂੰ
ਅੱਧ ਅਸਮਾਨੋਂ ਸੁੱਟ ਲੈਣਾ,
ਜਿਵੇਂ ਕਿਸੇ ਨੂੰ
ਆਪ ਹੀ ਵਸਾਉਣਾ
ਤੇ ਆਪ ਹੀ ਲੁੱਟ ਲੈਣਾ।
ਪਹਿਲਾਂ,
ਕਿਸੇ ਨੂੰ
ਆਪ ਹੀ ਸੁਰ ਦੇਣੇ,
ਕਿ ਜਾ!
ਗਾਇਆ ਕਰ ਗੀਤ
ਤੇ ਜਦ ਗੀਤ ਬਣ ਜਾਣ
ਉਹਦੇ ਮੀਤ,
'ਤੇ ਹਰ ਪਾਸੇ
ਹੋਣ ਲੱਗੇ
ਇਸ਼ਮੀਤ, ਇਸ਼ਮੀਤ,
ਉਦੋਂ
ਉਹਦੇ ਗੀਤਾਂ ਦੀ ਰੀਲ
ਫ਼ੀਤਾ ਫ਼ੀਤਾ ਕਰ ਦੇਣੀ,
ਉਹਦੇ ਸੁਰਾਂ ਨੂੰ
ਖ਼ਾਮੋਸ਼ ਕਰ ਦੇਣਾ,
ਸਦਾ ਸਦਾ ਲਈ!
ਪਹਿਲਾਂ,
ਖ਼ੁਸ਼ੀਆਂ ਦੀਆਂ ਬੁੱਕਾਂ
ਭਰ ਭਰ, ਭਰ ਭਰ,
ਮਾਪਿਆਂ ਦੀ
ਝੋਲੀ ਪਾਉਣੀਆਂ,
ਬੇਟੇ ਦੇ ਸਿਰ ਸਜਾਉਣਾ
ਸਿਹਰੇ ਤੋਂ ਵੀ ਸੋਹਣਾ
ਤਾਜ,
ਫਿਰ ਪਤਾ ਨਹੀਂ ਕੀ
ਮੌਜ ਆਉਣੀ
ਕਿ ਧੱਕੋਜ਼ੋਰੀਂ,
ਤਾਜ ਸਣੇ
ਬੇਟਾ ਹੀ ਲੈ ਜਾਣਾ,
ਲੈ ਜਾਣੀ
ਇਕ ਸੁਰੀਲੀ ਆਵਾਜ਼,
ਖੋਹ ਲੈਣੇ
ਹੋਠਾਂ 'ਤੇ ਨੱਚਦੇ ਸੁਰ,
'ਤੇ ਦੇ ਜਾਣਾ
ਉਮਰ ਭਰ ਦਾ ਰੋਣਾ।
ਡਾਢਿਆ!
ਇਹ ਤੇਰੇ ਹੀ ਚੋਜ
ਹੋ ਸਕਦੇ ਨੇ,
ਇਹ ਤੇਰੀ ਹੀ ਮਰਜ਼ੀ
ਹੋ ਸਕਦੀ ਏ,
ਇਹ ਤੇਰੀ ਹੀ ਮੌਜ
ਹੋ ਸਕਦੀ ਏ,
ਇਹ ਤੇਰੀ ਹੀ ਖੇਡ
ਹੋ ਸਕਦੀ ਏੇ,
ਹੋਰ ਕੌਣ ਸੋਚ ਸਕਦੈ
ਇੰਨੀਆਂ ਵੱਡੀਆਂ,
ਇੰਨੀਆਂ ਭਿਆਨਕ,
ਇੰਨੀਆਂ ਦਰਦਨਾਕ
ਖੇਡਾਂ।
ਕਹਿਰ ਦੀ ਪਰਿਭਾਸ਼ਾ ਨੂੰ
ਹੋਰ ਕਰੜੀ ਕਰਨ ਲਈ,
'ਤੇ ਕਹਿਰ ਨੂੰ
ਨਵੇਂ ਅਰਥ ਦੇਣ ਲਈ,
ਇੰਨਾ ਕਹਿਰ
ਤੂੰ ਕਾਹਨੂੰ ਵਰਤਾਉਣਾ ਸੀ?
ਡਾਢਿਆ!
ਇੰਨਾ ਕਹਿਰ
ਤੂੰ ਕਾਹਨੂੰ ਵਰਤਾਉਣਾ ਸੀ?
ਕਹਿੰਦੇ ਨੇ
ਚੜ੍ਰਿਆ ਸੀ ਜਿਹੜਾ ਸੂਰਜ
ਡੁੱਬਣਾ ਸੀ ਉਹ ਜ਼ਰੂਰ।
ਪਰ ਇਹ ਸੂਰਜ,
ਇਹ ਸੂਰਜ ਤਾਂ ਤੂੰ
ਸਿਖ਼ਰ ਦੁਪਹਿਰੇ ਹੀ
ਡੋਬ ਦਿੱਤਾ ਮੇਰੇ ਮਾਲਕਾ,
ਸਿਖ਼ਰ ਦੁਪਹਿਰੇ ਹੀ ਡੋਬ ਦਿੱਤਾ।
ਹੁਣ ਜੇ ਦੁੱਖਾਂ ਦੀ ਇੰਨੀ
ਬਖ਼ਸ਼ਿਸ਼ ਕੀਤੀ ਆ,
ਦਰਦਾਂ ਦੀ ਇੰਨੀ
ਕਿਰਪਾ ਕੀਤੀ ਆ,
ਹੰਝੂਆਂ ਦੀ ਰੁਣ ਝੁਣ
ਰੁਣ ਝੁਣ ਲਾਈ ਆ
ਤਾਂ ਇਕ ਰਹਿਮਤ ਹੋਰ ਵੀ ਕਰ,
ਬਖ਼ਸ਼ ਦੇ ਬਲ
ਭਾਣਾ ਮਿੱਠਾ ਕਰ ਕੇ ਮੰਨਣ ਦਾ,
ਬਖ਼ਸ਼ ਦੇ ਬਲ
ਭਾਣਾ ਮਿੱਠਾ ਕਰ ਕੇ ਮੰਨਣ ਦਾ
ਭਾਣਾ ਮਿੱਠਾ ਕਰ ਕੇ ਮੰਨਣ ਦਾ!
------ - ਐੱਚ.ਐੱਸ.ਬਾਵਾ