ਇਸ ਵਾਰ ਨਵੇਂ ਸਾਲ 'ਤੇ
ਜੇ ਮੈਂ ਤੁਹਾਨੂੰ
ਕੋਈ ਵਧਾਈ ਨਾ ਦੇ ਸਕਾਂ
ਕੋਈ ਕਾਰਡ ਨਾ ਭੇਜ ਸਕਾਂ
ਤਾਂ ਮੈਨੂੰ ਮੁਆਫ਼ ਕਰ ਦੇਣਾ।
ਮੁਆਫ਼ ਕਰ ਦੇਣਾ ਮੈਨੂੰ
ਕਿਉਂਕਿ
ਪਿਛਲੇ ਕਈ ਦਹਾਕਿਆਂ ਤੋਂ
ਮੇਰੇ ਕੰਨਾਂ ਵਿਚ ਗੂੰਜਦਾ ਗੀਤ
ਹਮ ਉਸ ਦੇਸ਼ ਕੇ ਵਾਸੀ ਹੈਂ
ਹੁਣ ਮੈਨੂੰ ਝੂਠਾ ਜਿਹਾ ਜਾਪਦੈ।
ਮੁਆਫ਼ ਕਰ ਦੇਣਾ ਮੈਨੂੰ
ਕਿਉਂਕਿ ਦਿੱਲੀ ਵਾਲੀ 'ਦਾਮਿਨੀ'
ਕੁਰਲਾਉਂਦੀ, ਛਟਪਟਾਉਂਦੀ,
ਇੱਜ਼ਤ ਕੱਜਦੀ, ਹਾੜ੍ਹੇ ਕੱਢਦੀ,
ਮੇਰੀਆਂ ਅੱਖਾਂ ਦੀਆਂ
ਪੁਤਲੀਆਂ ਵਿਚ ਅਜੇ ਵੀ ਤੈਰਦੀ ਹੈ।
ਉਨ੍ਹਾਂ 6 ਵਹਿਸ਼ੀ ਦਰਿੰਦਿਆਂ ਦੀ ਦਹਾੜ
ਨੂੰ ਜਦ ਮੈਂ ਚਿਤਵਦਾ ਹਾਂ
ਤਾਂ ਇੰਜ ਲੱਗਦਾ ਹੈ
ਜਿਵੇਂ ਇਕੱਲਾ ਡੱਕਿਆ ਹੋਵਾਂ
ਕਿਸੇ ਸਿਨੇਮਾ ਘਰ ਵਿਚ
ਤੇ 'ਰਾਮਸੇ ਬਰਦਰਜ਼' ਦੀ
ਕਿਸੇ ਡਰਾਉਣੀ ਫ਼ਿਲਮ ਦੇ
ਅਤਿ ਡਰਾਉਣੇ ਦ੍ਰਿਸ਼
ਵਾਰ ਵਾਰ ਚਲਾਏ ਜਾ ਰਹੇ ਹੋਣ।
ਹੈਵਾਨਾਂ ਅੱਗੇ ਕੁੜੀਆਂ
ਗਿਰਜਾਂ ਸਾਹਵੇਂ ਚਿੜੀਆਂ
ਇਕ ਗਊ ਨੂੰ ਚਰੂੰਢਦੇ
ਛੇ ਕਸਾਈ,
ਦੁਹਾਈ, ਦੁਹਾਈ!
ਮੁਆਫ਼ ਕਰ ਦੇਣਾ ਮੈਨੂੰ,
ਕਿਉਂਕਿ ਮੈਨੂੰ ਨਹੀਂ ਜਾਪਦਾ
ਕਿ ਨਾਇਬ ਤਹਿਸੀਲਦਾਰ ਦੀ
ਕੁਰਸੀ ਤੇ ਬਹਿ ਕੇ,
ਭੁੱਲ ਸਕਦਾ ਹੈ
ਕਿਸੇ ਰੌਬਨਜੀਤ ਕੌਰ ਨੂੰ,
ਕਿ ਕਿਵੇਂ ਉਸਦਾ ਬਾਪ
ਉਹਦੀਆਂ ਅੱਖਾਂ ਸਾਹਵੇਂ
ਸ਼ਹੀਦ ਹੋ ਗਿਆ ਸੀ
ਆਪਣੀ ਧੀ ਦੀ
ਇੱਜ਼ਤ ਬਚਾਉਂਦਿਆਂ
ਉਨ੍ਹਾਂ ਦੇ ਹੱਥੋਂ
ਜਿਨ੍ਹਾਂ ਦੇ ਪਾਜ ਨਾ ਖੁਲ੍ਹਣ
ਤਾਂ ਉਹ ਸਮਾਜ ਸੇਵੀ ਹੁੰਦੇ ਨੇ
ਨੇਤਾ ਹੁੰਦੇ ਨੇ
ਹੁੰਦੇ ਨੇ
ਦੇਸ਼ ਦੇ ਪਾਲਣਹਾਰ
ਦੇਸ਼ ਦੇ ਤਾਰਣਹਾਰ।
ਮੁਆਫ਼ ਕਰ ਦੇਣਾ ਮੈਨੂੰ
ਕਿਉਂਕਿ ਮੈਨੂੰ ਜਾਪਦਾ ਹੈ
ਜਿਵੇਂ ਮੈਂ ਗਵਾਹ ਹੋਵਾਂ
ਸਮੂਹਿਕ ਬਲਾਤਕਾਰ ਦੀ ਪੀੜਤ
ਉਸ ਕੁੜੀ ਦਾ
ਜਿਸਨੇ ਜ਼ਹਿਰ ਖਾ ਕੇ
ਖ਼ਤਮ ਕਰ ਲਈ ਜ਼ਿੰਦਗੀ
ਕਿਉਂਕਿ ਦੂਰ ਦੂਰ ਤਕ
ਨਜ਼ਰ ਨਹੀਂ ਸੀ ਆ ਰਹੀ
ਇਨਸਾਫ਼ ਦੀ ਰੌਸ਼ਨੀ।
ਮੈਨੂੰ ਲੱਗਦਾ ਹੈ
ਕਿ ਚਰੂੰਢੇ ਜਾਣ ਮਗਰੋਂ
ਜਦ ਭਟਕਦੀ ਸੀ ਉਹ
ਇਨਸਾਫ਼ ਦੀ ਤਲਾਸ਼ ਵਿਚ
ਮੈਂ ਜਾਂਦਾ ਰਿਹਾ ਹਾਂ
ਉਹਦੇ ਨਾਲ ਬਾਦਸ਼ਾਹਪੁਰ ਥਾਣੇ
ਇਨਸਾਫ਼ ਦੀ ਫਰਿਆਦ ਲੈ ਕੇ
ਉਨ੍ਹਾਂ ਥਾਣੇਦਾਰਾਂ ਦੇ ਸਾਹਮਣੇ
ਜਿਹੜੇ ਉਹਨੂੰ ਆਈ ਵੇਖ ਕੇ
ਮਲਕੜ੍ਹੇ ਜਿਹੇ
ਮੀਸਨੀ ਜਿਹੀ ਹਾਸੀ ਹੱਸਦੇ
ਕੁੰਡੀਆਂ ਮੁੱਛਾਂ ਨੂੰ ਵੱਟ ਚਾੜ੍ਹ
ਹਰ ਵਾਰ ਪੁੱਛਦੇ
ਅੱਛਾ ਕਿੰਨੇ ਮੁੰਡੇ ਸਨ ?
ਪਹਿਲਾਂ ਕਿੰਨ੍ਹੇ ਹੱਥ ਪਾਇਆ ?
ਕਿੱਥੇ ਕਿੱਥੇ ਹੱਥ ਲਾਇਆ ?
ਫ਼ੇਰ ਕੀ ਹੋਇਆ ?
ਅੱਛਾ, ਫ਼ੇਰ ਕੀ ਹੋਇਆ ?
ਤੇ ਫ਼ਿਰ ਬਲਾਤਕਾਰ ਮਗਰੋਂ
ਹੋਰ ਕਿੰਨੀ ਹੀ ਵਾਰ
ਨਜ਼ਰਾਂ ਤੇ ਸਵਾਲਾਂ ਨਾਲ ਕਰਦੇ
ਉਹਦਾ ਬਲਾਤਕਾਰ
ਤੇ ਫ਼ਿਰ ਆਪਣਾ 'ਸਵਾਦ' ਪੂਰਾ ਕਰ
ਉਹਨੂੰ ਆਖ਼ਦੇ
ਅੱਛਾ ਹੋ ਗਿਆ ਜੋ ਹੋਣਾ ਸੀ,
ਹੁਣ ਦੱਸ,
ਨਿੱਬੜਦੀ ਕਿਵੇਂ ਐ ?
ਜਿਵੇਂ ਇੱਜ਼ਤ ਦਾ
ਕੋਈ ਮੁੱਲ ਹੁੰਦਾ ਹੋਵੇ
ਜਿਵੇਂ ਬਲਾਤਕਾਰ ਦਾ
ਕੋਈ ਮੁਆਵਜ਼ਾ ਹੁੰਦਾ ਹੋਵੇ
ਤੇ ਜਿਵੇਂ
ਥਾਣੇਦਾਰ ਦੀ ਵਰਦੀ ਵਿਚ
ਉਹ ਕੋਈ ਦਲਾਲ ਹੋਣ।
ਬਲਾਤਕਾਰ ਵੇਲੇ ਤਾਂ
ਕੋਈ ਕੁੜੀ
ਪਹਿਲੀ ਵਾਰ ਮਰਦੀ ਹੈ
ਇਹ ਤਾਂ ਤਿਆਰੀ ਹੁੰਦੀ ਹੈ
ਅਗਲੇ ਦਿਨਾਂ ਵਿਚ, ਸਾਲਾਂ ਵਿਚ
ਸੈਂਕੜੇ, ਹਜ਼ਾਰਾਂ ਵਾਰ ਹੋਰ ਮਰਣ ਦੀ।
ਮੁਆਫ਼ ਕਰਨਾ
ਕਿ ਮੈਂ ਨਹੀਂ ਜੇ ਆਖ਼ਣਾ
ਇਸ ਵਾਰ
ਨਵਾਂ ਸਾਲ ਮੁਬਾਰਕ
ਕਿਉਂਕਿ
ਸੁਣਿਆ ਤਾਂ ਇਹ ਸੀ
ਕਿ ਦੇਸ਼ ਮਨਾ ਰਿਹਾ ਹੈ ਸੋਗ
ਦਾਮਿਨੀ ਨਾਲ ਵਰਤੇ ਕਾਰੇ ਦਾ
ਪਿਛਲੇ 15 ਦਿਨਾਂ ਤੋਂ ਚੱਲਦੇ
ਘੱਲੂਘਾਰੇ ਦਾ
ਪਰ 31 ਦਸੰਬਰ
ਦੀ ਰਾਤ ਵੀ ਤਾਂ
ਛਲਕੇ ਨੇ ਜਾਮ
ਹੋਏ ਨੇ ਡਾਂਸ
ਪਏ ਨੇ ਭੰਗੜੇ
ਸ਼ੂਕੀਆਂ ਨੇ ਆਤਿਸ਼ਬਾਜ਼ੀਆਂ।
ਕਿਉਂ ਛੱਡੇ ਕੋਈ ?
ਨਵੇਂ ਸਾਲ ਦੇ ਜਸ਼ਨ
ਕਿਸੇ ਦੀ ਧੀ ਵਾਸਤੇ
ਕਿਸੇ ਦਾਮਿਨੀ ਵਾਸਤੇ
ਦਾਮਿਨੀਆਂ ਨਾਲ ਤਾਂ
ਇਹ ਰੋਜ਼ ਹੀ ਵਾਪਰਦੈ
ਨਵਾਂ ਸਾਲ
ਕਿਹੜਾ ਰੋਜ਼ ਰੋਜ਼ ਚੜ੍ਹਦੈ ?
ਆਪਣੇ ਘਰ ਲੱਗੇ
ਤਾਂ ਅੱਗ ਹੁੰਦੀ ਹੈ
ਦੂਜੇ ਦੇ ਘਰ ਲੱਗੇ
ਬੈਸੰਤਰ ਆਖੀਦੀ ਐ
ਆਪਣੀ ਭੈਣ, ਭੈਣ ਹੁੰਦੀ ਹੈ
ਆਪਣੀ ਧੀ, ਧੀ ਹੁੰਦੀ ਹੈ
ਤੇ ਜੇ ਇਸ ਗੱਲ ਦੀ
ਗਵਾਹੀ ਚਾਹੀਦੀ ਐ
ਤਾਂ ਆਓ ਫ਼ੇਸ ਬੁੱਕ 'ਤੇ
ਪਤਾ ਲੱਗ ਜਾਏਗਾ
ਕਿ ਆਪਣੀਆਂ
ਤਾਂ ਹੁੰਦੀਆਂ ਨੇ
ਡੀਅਰ ਮੌਮ, ਡੀਅਰ ਸਿਸ
ਡੀਅਰ ਡੌਟਰ, ਜਾਂ ਮਾਈ ਡੀਅਰ
ਪਰ ਦੂਜਿਆਂ ਦੀਆਂ
ਮਾਂਵਾਂ, ਭੈਣਾਂ, ਧੀਆਂ
ਸੈਕਸੀ, ਪਟੋਲੇ ਤੇ ਪੁਰਜ਼ੇ
ਹੁੰਦੀਆਂ ਨੇ।
ਤੇ ਜਿਹੜੇ ਫ਼ੇਸ ਬੁੱਕ ਤੇ
ਸ਼ਰੇਆਮ, 'ਆਨ ਰਿਕਾਰਡ'
ਇਹ ਕਹਿਣੋਂ ਨਹੀਂ ਝਿਜਕਦੇ
ਉਨ੍ਹਾਂ ਨੂੰ ਜਦ ਮਿਲ ਜਾਵੇਗੀ
ਕਦੇ ਕੋਈ ਦਾਮਿਨੀ
ਕੱਲੀ ਕਾਰੀ
ਤਾਂ ਉਹਦਾ ਕੀ ਹੋਵੇਗਾ
ਇਸਦਾ ਕੋਈ ਫ਼ਰਕ
ਨਾ ਤਾਂ 2012 ਵਿਚ ਸੀ
ਨਾ 2013 ਵਿਚ ਹੋਵੇਗਾ।
ਇਸ ਲਈ,
ਇਸ ਵਾਰ ਨਵੇਂ ਸਾਲ 'ਤੇ
ਜੇ ਮੈਂ ਤੁਹਾਨੂੰ
ਕੋਈ ਵਧਾਈ ਨਾ ਦੇ ਸਕਾਂ
ਕੋਈ ਕਾਰਡ ਨਾ ਭੇਜ ਸਕਾਂ
ਤਾਂ ਮੈਨੂੰ ਮੁਆਫ਼ ਕਰ ਦੇਣਾ
ਮੁਆਫ਼ ਕਰਨਾ,
ਕਿ ਇਸ ਨਵੇਂ ਸਾਲ ਵਿਚ
ਅੱਜ ਵੀ ਉਹੀ ਨਿਜ਼ਾਮ ਐ
ਉਹੀ ਪੁਲਿਸ ਐ
ਜਿਸਨੂੰ ਬੜਾ ਫਿਕਰ ਸੀ
ਸ਼ਰੁਤੀ ਤੇ
ਉਹਦੇ ਪਰਿਵਾਰ ਦੀ
ਪੱਤ ਦਾ ਨਹੀਂ,
ਨਿਸ਼ਾਨ ਸਿੰਘ
ਤੇ ਉਹਦੇ ਪਰਿਵਾਰ ਦੀ
'ਅਣਖ਼' ਦਾ।
--------------ਐੱਚ.ਐੱਸ.ਬਾਵਾ