ਕੱਲ ਜਦੋਂ ਉਹਨੂ ਮਿਲ ਕੇ ਮੈਂ
ਘਰ ਆ ਰਿਹਾ ਸੀ
ਤਾਂ ਮੇਰੀ ਜੇਬ ਵਿਚ ਚੰਨ ਦਾ ਹੀ
ਇਹ ਖੋਟਾ ਰੁਪਈਆ ਰਹਿ ਗਿਆ ਸੀ
ਤੇ ਮੈਂ ਉਹਦੇ ਸ਼ਹਿਰ ਵਿਚ
ਸੜਕਾਂ ਤੇ ਥੱਕ ਕੇ
ਬਹਿ ਗਿਆ ਸੀ
ਸਫਰ ਲਮਬਾ ਸੀ |
ਨਾਲੇ ਜੋਰਾਂ ਦੀ ਮੈਨੂ ਭੁਖ ਸੀ ਲੱਗੀ
ਤੇ ਮੈਂ ਡਰਿਆ ਹੋਇਆ
ਪਿਆ ਸੋਚਦਾ ਸਾਂ
ਕਿ ਮੈਂ ਹੁਣ ਕਿ ਕਰਾਂਗਾ?
ਤੇ ਕਿਹੜੀ ਰੇਲ ਜਾਂ ਬੱਸ
ਕਿੰਜ ਤੇ ਕਿਕਣ ਫੜਾਂਗਾ?
ਤੇ ਆਪਣੇ ਸ਼ਹਿਰ ਦੇ ਲੋਕਾਂ ਨੂ ਜਾ ਕੇ
ਕਿ ਕਹਾਂਗਾ?
ਉਹ ਸੋਚਣਗੇ ਅਜਬ ਮੂਰਖ ਸੀ
ਕਿ ਦਾਨਿਸ਼ਵਰਾਂ ਚੋਂ ਸੀ?
ਕਿ ਜਿਸਨੂ ਏਸ ਗੱਲ ਦਾ ਵੀ
ਜ਼ਰਾ ਅਹਿਸਾਸ ਨਾ ਹੋਇਆ
ਕਿ ਜਦ ਵੀ ਇਸ ਮੁਲਕ ਵਿਚ
ਯਾਰ ਦਾ ਮੂੰਹ ਵੇਖਣ ਜਾਈਦੈ
ਤਾਂ ਪੈਸੇ ਲੈ ਕੇ ਜਾਇਦੈ |
ਪਰ ਉਹਨਾ ਨੂ ਪਤਾ ਕੀ ਸੀ
ਕਿ ਪੈਸੇ ਲੈ ਕੇ ਤੁਰਿਆ ਸਾਂ
ਪਰ ਆਪਣੇ ਯਾਰ ਦੇ ਬੂਹੇ ਤੋਂ
ਮੈਂ ਸਖਣਾ ਕਿਓਂ ਮੁੜਿਆ ਸਾਂ?
ਮੈਂ ਸਤ ਕੇ ਉਹ ਰੁਪਈਆ
ਉਸ ਦਿਨ ਦਰਿਆ ਚ ਜਦ ਸੁਟਿਆ
ਤੇ ਆਪਣਾ ਸੀਸ ਆਪਣੇ ਗੋਡਿਆਂ ਤੇ
ਰਖ ਕੇ ਥ੍ਹਕਿਆ
ਕਈ ਚਿਰ ਚੰਨ ਦਾ
ਖੋਟਾ ਰੁਪਈਆ ਤੈਰਦਾ ਤੱਕਿਆ |