ਫਿਰ ਮੇਰੇ ਗੁਮਨਾਮ ਦਿਨ ਆਏ
ਬਹੁਤ ਹੀ ਬਦਨਾਮ ਦਿਨ ਆਏ
ਸਾਥ ਦੇਣਾ ਸੀ ਕੀ ਭਲਾ ਲੋਕਾਂ
ਕੰਡ ਅਪਣੇ ਹੀ
ਦੇ ਗਏ ਸਾਏ |
ਹਾਂ ਮੇਰਾ ਹੁਣ ਖੂਨ ਤਕ ਉਦਾਸਾ ਸੀ
ਹਾਂ ਮੇਰਾ ਹੁਣ ਮਾਸ ਤਕ ਉਦਾਸਾ ਸੀ
ਚੁਤਰਫੀਂ ਸੋਗਵਾਰ ਸੋਚਾਂ ਸਨ
ਜਾਂ ਯਾਰਾਂ ਦਾ ਜਲੀਲ ਹਾਸਾ ਸੀ
ਸਫਰ ਸੀ, ਰੇਤ ਸੀ , ਖਾਮੋਸ਼ੀ ਸੀ
ਜ਼ਲਾਲਤ, ਸਹਿਮ ਸੀ, ਨਮੋਸ਼ੀ ਸੀ
ਖਲਾਅ ਸੀ, ਉਫਕ ਸੀ, ਤੇ ਸੂਰਜ ਸੀ
ਜਾਂ ਅਪਣੀ ਪੈਡ ਦੀ
ਜੰਜੀਰ ਦੇ ਬਿਨ ਕੁਝ ਵੀ ਨਾ ਸੀ
ਕਿ ਜਿਸਨੂੰ ਵੇਖਿਆਂ
ਮੱਥੇ 'ਚ ਪਾਲਾ ਉੱਗਦਾ ਸੀ |
ਜਿਦੰਗੀ ਸੀ
ਕਿ ਗਮ ਦਾ ਬੋਝ ਸੀ
ਤਪੇ ਹੋਏ ਉਮਰ ਦੇ
ਮਾਰੂਥਲਾਂ ਚੋਂ ਲੰਘਦੀ ਸੀ
ਤੇ ਮੈਥੋਂ ਘੁੱਟ ਛਾਂ ਦਾ ਮੰਗਦੀ ਸੀ
ਪਰ ਮੇਰੀ ਨਜ਼ਰ ਵਿਚ
ਇਕ ਬੋਲ ਦਾ ਵੀ ਬਿਰਛ ਨਾ ਸੀ |
ਮੈਂ ਆਪਣੇ ਕਤਲ 'ਤੇ
ਹੁਣ ਬਹੁਤ ਰੋਂਦਾ ਸਾਂ
ਸਰਾਪੀ ਚੁੱਪ ਦੇ
ਹੁਣ ਨਾਲ ਭੋਂਦਾ ਸਾਂ
ਤੇ ਮੂੰਹ ਢੱਕ ਕੇ
ਗਮਗੀਨ ਚਾਨਣੀਆਂ
ਵਿਛਾ ਕੇ ਰੇਤ ਖ਼ਿਆਲਾ 'ਚ
ਘੂਕ ਸੌਂਦਾ ਸਾਂ |
ਮੈਂ ਚੁੱਪ ਦੇ ਸਫਰ ਵਿਚ ਇਹ ਵੇਖਿਆ
ਕਿ ਚੁੱਪ ਗਾਉਂਦੀ ਹੈ
ਚੁੱਪ ਰੋਂਦੀ ਹੈ , ਚੁੱਪ ਕਰਾਉਂਦੀ ਹੈ
ਤੇ ਚੁੱਪ ਨੂੰ ਬਹੁਤ ਸੋਹਣੀ
ਜ਼ਬਾਨ ਆਉਂਦੀ ਹੈ |
ਮੈਂ ਥਲ ਤੇ ਰੇਤ ਤੋਂ
ਚੁੱਪ ਦੀ ਸਾਂ ਹੁਣ ਜ਼ਬਾਂ ਸਿਖਦਾ
ਗਵਾਚੀ ਚਾਨਣੀ ਨੂੰ
ਰੇਤ ਦੇ ਮੈਂ ਖ਼ਤ ਲਿਖਦਾ |