ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣੀ ਧੁੱਪ ਵਿਚ ਹੀ ਸੜਦਾ ਹਾਂ
ਹਰ ਦਿਹੁੰ ਦੇ ਦਰਯੋਧਨ ਅੱਗੇ
ਬੇਚੈਨੀ ਦੀ ਚੌਪੜ ਧਰ ਕੇ
ਮਾਯੂਸੀ ਨੂੰ ਦਾਅ 'ਤੇ ਲਾ ਕੇ
ਸ਼ਰਮਾਂ ਦੀ ਦਰੋਪਦ ਹਰਦਾ ਹਾਂ
ਤੇ ਮੈਂ ਪਾਂਡਵ ਏਸ ਸਦੀ ਦਾ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ ਹਰਨ ਕਰਦਾ ਹਾਂ
ਵੇਖ ਨਗਨ ਆਪਣੀ ਕਾਇਆਂ ਨੂੰ ਆਪੇ ਤੋਂ ਨਫਰਤ ਕਰਦਾ ਹਾਂ
ਨੰਗੇ ਹੋਣੋਂ ਬਹੁੰ ਡਰਦਾ ਹਾਂ
ਝੂਠ ਕਪਟ ਦੇ ਕੱਜਣ ਤਾਈਂ
ਲੱਖ ਉਸ ਤੇ ਪਰਦੇ ਕਰਨਾ ਹਾਂ
ਦਿਨ ਭਰ ਭਟਕਣ ਦੇ ਜੰਗਲ ਵਿਚ
ਪੀਲੇ ਜਿਸਮਾਂ ਦੇ ਫੁੱਲ ਸੁੰਘਦਾ
ਸ਼ੁਹਰਤ ਤੇ ਸਰਵਰ ਤੇ ਘੁੰਮਦਾ
ਬੇਸ਼ਰਮੀ ਦੇ ਘੁੱਟ ਭਰਦਾ ਹਾਂ
ਯਾਰਾਂ ਦੇ ਸੁਣ ਬੋਲ ਕੁਸੈਲੇ
ਫਿਟਕਾਰਾਂ ਸੰਗ ਹੋਏ ਮੈਲੇ
ਬੁਝੇ ਦਿਲ 'ਤੇ ਨਿਤ ਜਰਦਾ ਹਾਂ
ਮੈਂ ਜ਼ਿੰਦਗੀ ਦੇ ਮਹਾਂ ਭਾਰਤ ਦਾ
ਆਪ ਇੱਕਲਾ ਯੁੱਧ ਲੜਦਾ ਹਾਂ
ਕਿਸਮਤ ਵਾਲੇ ਵਿਉਹ-ਚੱਕਰ ਵਿਚ
ਆਪਣੇ ਖਾਬਾਂ ਦਾ ਅਭਿਮਨਿਉ
ਜੈਦਰਥ ਸਮਿਆਂ ਦੇ ਹੱਥੋਂ
ਵੇਖ ਕੇ ਮਰਿਆ ਨਿਤ ਸੜਦਾ ਹਾਂ
ਤੇ ਪਰਤਿੱਗਿਆ ਨਿਤ ਕਰਦਾ ਹਾਂ
ਕੱਲ ਦਾ ਸੂਰਜ ਡੁੱਬਣ ਤੀਕਣ
ਸਾਰੇ ਕੌਰਵ ਮਾਰ ਦਿਆਂਗਾ
ਜਾਂ ਮਰ ਜਾਣ ਦਾ ਪ੍ਰਣ ਕਰਦਾ ਹਾਂ
ਪਰ ਨਾ ਮਾਰਾਂ ਦਾ ਮਰਦਾ ਹਾਂ
ਤੇ ਬੱਸ ਏਸ ਨਮੋਸ਼ੀ ਵਿਚ ਹੀ
ਦਰਦਾਂ ਦਾ ਰੱਥ ਹਿੱਕਦੇ ਹਿੱਕਦੇ
ਜ਼ਿੱਲਤ ਦੇ ਵਿਚ ਪਿਸਦੇ ਪਿਸਦੇ
ਤਾਰ ਦੇ ਕਾਲੇ ਤੰਬੂਆਂ ਅੰਦਰ
ਹਾਰ ਹੁਟ ਕੇ ਆ ਵੜਦਾ ਹਾਂ
ਨੀਂਦਰ ਦਾ ਇਕ ਸੱਪ ਪਾਲਤੂ
ਆਪਣੀ ਜੀਭੇ ਆਪ ਲੜਾ ਕੇ
ਬੇਹੋਸ਼ੀ ਨੂੰ ਜਾ ਫੜਦਾ ਹਾਂ
ਮੈਂ ਸਾਰਾ ਦਿਨ ਕੀਹ ਕਰਦਾ ਹਾਂ
ਆਪਣੇ ਪਰਛਾਵੇਂ ਫੜਦਾ ਹਾਂ
ਆਪਣਾ ਆਪ ਦੁਸ਼ਾਸਨ ਬਣ ਕੇ
ਆਪਣਾ ਚੀਰ ਹਰਨ ਕਰਦਾ ਹਾਂ lll