ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸਿਰਫ਼ ਆਸ਼ਕ ਦੀ
ਰੱਤ ਸੁਣਦੀ ਹੈ
ਜਾਂ ਖੰਡਰਾ ਦੀ ਛੱਤ ਸੁਣਦੀ ਹੈ
ਜਾਂ ਸੱਪਣੀ ਦੀ ਅੱਖ ਸੁਣਦੀ ਹੈ
ਚੁੱਪ ਦੀ 'ਵਾਜ ਸੁਣੋ !
ਹੁਣ ਜੋ ਸਾਵੇ ਰੁੱਖਾ ਦੇ ਵਿੱਚ
'ਵਾ ਬੋਲੀ ਹੈ
ਹੁਣੇ ਜੋ ਪੰਛੀ ਨੇ ਅੰਬਰਾ ਤੋ
ਛਾਂ ਡੋਹਲੀ ਹੈ
ਇਹ ਮੇਰੀ ਚੁੱਪ ਹੀ ਬੋਲੀ ਹੈ
ਚੁੱਪ ਦੀ 'ਵਾਜ ਸੁਣੋ !
ਚੁੱਪ ਨੂੰ ਸੱਪਣੀ ਦੀ ਅੱਖ ਵਾਕਣ
ਪਿਆਰ ਕਰੋ
ਚੁੱਪ ਨੂੰ ਖੰਡਰਾ ਵਾਕਣ
ਰਲ ਕੇ ਯਾਦ ਕਰੋ
ਚੁੱਪ ਦਾ ਕਬਰਾਂ ਵਾਕਣ ਹੀ
ਸਤਿਕਾਰ ਕਰੋ
ਥਲ ਵਿਚ ਆਪਣੀ ਛਾਂ ਸੰਗ
ਰਲ ਕੇ ਸਫਰ ਕਰੋ
ਅੰਨੇ ਖੂਹ 'ਚੋ
ਅੱਧੀ ਰਾਤੀ ਢੋਲ ਭਰੋ
ਵਗਦੀ 'ਵਾ ਵਿਚ
ਬੁੱਢੇ ਬੋਹੜਾਂ ਹੇਠ ਬਹੋ
ਪਰਬਤ ਉਪਰ ਉੱਗੇ
ਸਾਵੇ ਹਰਫ਼ ਪੜੋ !
ਮੇਰੀ ਚੁੱਪ ਸੰਗ
ਸੌ ਜਨਮਾ ਤ ਯਾਰੀ ਹੈ
ਮੈ ਸੱਪਣੀ ਦੀ ਅੱਖ ਵਿੱਚ
ਉਮਰ ਗੁਜ਼ਾਰੀ ਹੈ
ਚੁੱਪ ਦੀ 'ਵਾਜ
ਜਿਸਮ ਭੋਗਣ ਤੋ ਪਿਆਰੀ ਹੈ
ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸੁਣੋ
ਚੁੱਪ ਦੀ 'ਵਾਜ ਸੁਣੋ