ਨਦੀਆਂ ਵਾਹੁ ਵਿਛੁਨੀਆਂ
ਸੰਜੋਗੀ ਮੇਲਾ ਰਾਮ
ਅਸੀਂ ਕੋਟ ਜਨਮ ਦੇ ਵਿਛੁੜੇ
ਹੁਣ ਮਿਲਣ ਦੁਹੇਲਾ ਰਾਮ |
ਯਾਦ ਹੈ ਪ੍ਰਭ ਜੀ ,
ਹੁਣ ਤਕ ਸਾਨੂੰ
ਉਸ ਹੰਝ ਦੀ ਖੁਸ਼ਬੋਈ
ਜੋ ਸਾਡੇ ਹੋਠਾਂ ਦੇ ਦਰ ਲੰਘੀ
ਉਮਰ ਸੁਹਾਗਨਂ ਹੋਈ
ਯਾਦ ਹੈ ਹਿਜਰ ਅਸਾਡੇ ਦਾ
ਸਾਨੂੰ ਅਮ੍ਰਿਤ ਵੇਲਾ ਰਾਮ
ਨਦੀਆਂ ਵਾਹੁ ਵਿਛੁਨੀਆਂ
ਸੰਜੋਗੀ ਮੇਲਾ ਰਾਮ |
ਯਾਦ ਹੈ ਪ੍ਰਭ ਜੀ ,
ਕੀਕਣ ਸਾਡੇ
ਰੂਪ ਦੀ ਔਧ ਵਿਹਾਈ
ਸਰਵਰ ਨਾਤੀ ਕਿਰਨ ਕੁਵਾਰੀ
ਬਾਬਲ ਘਰ ਕੁਮਲਾਈ
ਯਾਦ ਹੈ ਕੀਕਣ ਬਿਣਸ ਗਿਆ
ਰੰਗ ਨਵਾਂ-ਨਵੇਲਾ ਰਾਮ
ਨਦੀਆਂ ਵਾਹੁ ਵਿਛੁਨੀਆਂ
ਸੰਜੋਗੀ ਮੇਲਾ ਰਾਮ |
ਪ੍ਰਭ ਹੀ ਜਾਣੇ
ਕਿੱਤ ਬਿੱਧ ਮੇਲ ਮਲਾਵੇ
ਹੁਣ ਤਾਂ ਸਾਡੇ ਸਾਹ ਨੂੰ ਸਾਡੀ
ਦੇਹ ਤੋਂ ਲਜਿਆ ਆਵੇ
ਹੁਣ ਤਾਂ ਸਾਡੇ ਸਾਹ ਨੂੰ ਸਾਡੀ
ਦੇਹ ਤੋਂ ਲਜਿਆ ਆਵੇ
ਹੁਣ ਤਾਂ ਸੂਰਜ ਅਸਤਿਆ
ਹੋ ਗਿਆ ਕੁਵੇਲਾ ਰਾਮ
ਨਦੀਆਂ ਵਾਹੁ ਵਿਛੁਨੀਆਂ
ਸੰਜੋਗੀ ਮੇਲਾ ਰਾਮ
ਅਸੀਂ ਕੋਟ ਜਨਮ ਦੇ ਵਿਛੁੜੇ
ਹੁਣ ਮਿਲਣ ਦੁਹੇਲਾ ਰਾਮ |