ਰੋਜ਼ ਉਹ ਉਸ ਕਬਰ 'ਤੇ ਆਇਆ ਕਰੇ।
ਬਾਲ ਕੇ ਦੀਵਾ ਤੇ ਮੁੜ ਜਾਇਆ ਕਰੇ।
ਨੂਰਾਂ ਉਸਦਾ ਨਾਂ ਪਰ ਦਿਲ ਦੀ ਸਿਆਹ,
ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ।
ਆਖਦੇ ਨੇ ਵਿੱਚ ਜਵਾਨੀ ਗਿਰਝ ਉਹ,
ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ।
ਕੱਟਦੀ ਇੱਕ ਰਾਤ ਉਹ ਜਿਸ ਆਲਣੇ,
ਉਮਰ ਭਰ ਪੰਛੀ ਉਹ ਕੁਰਲਾਇਆ ਕਰੇ।
ਭੂਰੇ ਭੂਰੇ ਕੇਸ ਤੇ ਮੁੱਖੜੇ ਦਾ ਤਿਲ,
ਸਾਰੀ ਬਸਤੀ ਵੇਖ ਲਲਚਾਇਆ ਕਰੇ।
ਬਦਲ ਜਾਂਦਾ ਰੁਖ ਹਵਾਵਾਂ ਦਾ ਤਦੋਂ,
ਹੇਕ ਲੰਮੀ ਲਾ ਕੇ ਜਦ ਗਾਇਆ ਕਰੇ।
ਸੜ ਕੇ ਰਹਿ ਜਾਇਆ ਕਰੇ ਦੰਦਾਸੜਾ,
ਨਾਲ ਹੋਠਾਂ ਦੇ ਜਦੋਂ ਲਾਇਆ ਕਰੇ।
ਧੁਖਣ ਲੱਗ ਜਾਇਆ ਕਰਨ ਕਲੀਆਂ ਦੇ ਦਿਲ,
ਸ਼ਰਬਤੀ ਜਦ ਨੈਣ ਮਟਕਾਇਆ ਕਰੇ।
ਆਖਦੇ ਨੇ ਨੌਜਵਾਂ ਇੱਕ ਮਨਚਲਾ
ਪਿਆਰ ਪਾ ਕੇ ਦੇ ਗਿਆ ਉਸ ਨੂੰ ਦਗ਼ਾ।
ਜੋਕ ਬਣ ਕੇ ਪੀ ਗਿਆ ਉਸਦਾ ਲਹੂ,
ਚੂਪ ਲੀਤਾ ਮਰਮਰੀ ਅੰਗਾਂ 'ਚੋਂ ਤਾ।
ਜ਼ਖਮੀ ਕਰਕੇ ਸੁੱਟ ਗਿਆ ਨੈਣਾਂ ਦੀ ਨੀਂਦ,
ਡੋਲ ਕੇ ਕਿਤੇ ਤੁਰ ਗਿਆ ਘੋਲੀ ਹਿਨਾ।
ਚਾਰਦੀ ਸੀ ਰੋਜ਼ ਜਿਸਨੂੰ ਦਿਲ ਦਾ ਮਾਸ,
ਸ਼ਿਕਰਾ ਬਣ ਕੇ ਉੱਡ ਗਿਆ ਸੀ ਉਹ ਹੁਮਾ।
ਯਾਦ ਆ ਜਾਂਦੀ ਜਦੋਂ ਉਸਦੀ ਨੁਹਾਰ,
ਆਂਦਰਾਂ ਵਿੱਚ ਰੜਕਦਾ ਉਹਦੇ ਸਰਕੜਾ।
ਸੋਚਦੀ ਕਿ ਬੇਵਫਾ ਹੈ ਆਦਮੀ,
ਬੇ-ਵਫ਼ਾਈ ਹੀ ਤਾਂ ਹੈ ਉਸਦਾ ਸਿਲਾ।
ਬਣ ਕੇ ਰਹਿਣਾ ਸੀ ਜੇ ਆਦਮ ਦਾ ਗ਼ੁਲਾਮ,
ਜਨਮ ਕਿਉਂ ਲੀਤਾ ਸੀ ਤਾਂ ਮਾਈ ਹਵਾ।
ਠੀਕ ਹੈ, ਹਰ ਚੀਜ਼ ਜੇ ਹੈ ਬੇ-ਵਫ਼ਾ,
ਉਸ ਦਾ ਹੱਕ ਸੀ ਉਹ ਭੀ ਹੋ ਜਾਏ ਬੇ-ਵਫ਼ਾ।
ਦੇ ਕੇ ਹੋਕਾ ਵੇਚਦੀ ਸਸਤੇ ਉਹ ਸਾਹ,
ਫਜ਼ਰ ਦਾ ਤਾਰਾ ਹੈ ਅੱਜ ਤੀਕਣ ਗਵਾਹ।
ਜਿਸਮ ਉਹਦਾ ਬਰਫ਼ ਨਾਲੋਂ ਵੀ ਸਫ਼ੈਦ,
ਲੇਖ ਉਹਦੇ ਰਾਤ ਨਾਲੋਂ ਵੀ ਸਿਆਹ।
ਨਿੱਤ ਨਵਾਂ ਪੱਤਣ ਤੇ ਨਵੀਆਂ ਬੇੜੀਆਂ,
ਨਿੱਤ ਨਵੇਂ ਉਹਦੇ ਬਾਦਬਾਂ ਉਹਦੇ ਮਲਾਹ।
ਰਾਤ ਹਰ ਲੱਭਦੀ ਨਵਾਂ ਤਾਰਾ ਕੋਈ,
ਹਰ ਸੁਬ੍ਹਾ ਲੱਭਦੀ ਨਵੀਂ ਮੰਜ਼ਿਲ ਦਾ ਰਾਹ।
ਪੀਂਦੀ ਮੋਮੀ ਸੀਨਿਆਂ ਦੀ ਨਿੱਤ ਤ੍ਰੇਲ਼,
ਚੱਟਦੀ ਹੋਠਾਂ ਤੋਂ ਉਹ ਹਵਸਾਂ ਦੀ ਸਵਾਹ।
ਬਣ ਨਾ ਸਕੀ ਕਰਬਲਾ ਸੀਨੇ ਦੀ ਪੀੜ,
ਹੋ ਨਾ ਸਕੀ ਫੇਰ ਵੀ ਬੰਜਰ ਨਿਗਾਹ।
ਹਉਂਕਿਆਂ ਦੀ ਆਈ ਉਹਦੇ ਘਰ ਬਰਾਤ,
ਹੰਝੂਆਂ ਸੰਗ ਹੋ ਗਿਆ ਉਸਦਾ ਨਿਕਾਹ।
ਬਹਿ ਇਕੱਲੀ ਕੱਤਦੀ ਹਿਜਰਾਂ ਦੇ ਸੂਤ,
ਗਾਂਹਦੀ ਰਹਿੰਦੀ ਰਾਤ ਦਿਨ ਯਾਦਾਂ ਦੇ ਗਾਹ।
ਸੱਦਿਆ ਉਸ ਨਾਮਵਰ ਇੱਕ ਚਿੱਤ੍ਰਕਾਰ,
ਯਾਰੜੇ ਦੀ ਉਸ ਨੂੰ ਦੱਸੀ ਨੁਹਾਰ।
ਚਿਤ੍ਰ ਦੋ, ਇੱਕ ਆਪਣਾ, ਇੱਕ ਯਾਰ ਦਾ,
ਖ਼ੂਨ ਆਪਣੇ ਨਾਲ ਕਰਵਾਏ ਤਿਆਰ।
ਕਬਰ ਪੁੱਟ ਕੇ ਚਿਤ੍ਰ ਦਫ਼ਨਾਏ ਗਏ,
ਨਾਲ ਦਫ਼ਨਾਏ ਗਏ ਹੰਝੂਆਂ ਦੇ ਹਾਰ।
ਕਬਰ ਨੇੜੇ ਖੁਹ ਵੀ ਖੁਦਵਾਇਆ ਗਿਆ,
ਚਾਂਦੀ ਦੀ ਹੈ ਅੱਜ ਤੀਕ ਉਸਦੀ ਨਿਸਾਰ।
ਆਖਦੇ ਨੇ ਅੱਜ ਵੀ ਕੋਹ-ਕਾਫ਼ ਤੋਂ,
ਨ੍ਹਾਉਣ ਆਵੇ ਰੋਜ਼ ਇੱਕ ਪਰੀਆਂ ਦੀ ਡਾਰ।
ਬਾਲਦੀ ਉਸ ਕਬਰ ਤੇ ਉਹ ਨਿੱਤ ਦੀਵਾ,
ਰੋਂਦੀ ਰਹਿੰਦੀ ਰਾਤ ਦਿਨ ਉਹ ਜ਼ੁਲਫ਼ਾਂ ਖਿਲਾਰ।
ਉਸ ਰਾਹੇ ਜੋ ਵੀ ਰਾਹੀ ਲੰਙਦਾ,
ਝੱਲੀਆਂ ਵੱਤ ਪੁੱਛਦੀ ਉਸਨੂੰ ਖਲ੍ਹਾਰ,
ਡਿੱਠਾ ਜੇ ਕਿਤੇ ਮੇਰਾ ਬੋਦਿਆਂ ਵਾਲੜਾ,
ਨੀਲੇ ਨੈਣਾਂ ਵਾਲੜਾ ਕਿਤੇ ਉਹਦਾ ਯਾਰ?