ਰੋਜ਼ ਮੇਰੇ ਘਰ ਦੇ ਪਿਛਵਾੜੇ
ਕਾਲੀ ਧੁੱਪ ‘ਚ ਚਮਕਣ ਤਾਰੇ
ਫੈਲੇ ਖੋਲੇ, ਕਬਰਾਂ ਵਾੜੇ
ਸਹਿਮੀ ਚੁੱਪ ਅਵਾਜ਼ਾਂ ਮਾਰੇ
ਭੂਤਾਂ ਵਾਲੇ ਸੂਰ ਦੇ ਸਾੜੇ
ਸੂਰਜ ਰੋਵੇ ਨਦੀ ਕਿਨਾਰੇ
ਉੱਪਰ ਪਾਣੀ ਹੇਠ ਅੰਗਾਰੇ
ਟੀਰਾ ਬੱਦਲ ਵਰ੍ਹਦਾ ਮੇਰੇ
ਥੇਹ ‘ਤੇ ਕੌਡੀ ਲਿਸ਼ਕਾਂ ਮਾਰੇ
ਬੁੱਢੇ ਰੁੱਖ ਤੇ ਲੰਮੇ ਦਾੜ੍ਹੇ
ਉੱਲੂ ਬੋਲਣ ਸਿਖਰ ਦੁਪਿਹਰੇ
ਅੰਨ੍ਹੇ ਖੂਹ ਵਿਚ ਪੰਛੀ ਕਾਲੇ
ਚਿਰ ਤੋਂ ਵੱਸਣ ਕੱਲੇ ਕਾਰੇ
ਹੁਭਕਾਂ ਮਾਰਨ ਮੋਏ ਦਿਹਾੜੇ
ਸਿਰ ਤੇ ਗਿਰਝਾਂ ਖੰਭ ਖਿਲਾਰੇ
ਮਾਰੋ ਮੇਰੇ ਘਰ ਨੂੰ ਤਾਲੇ
ਉੱਚੀਆਂ ਕੰਧਾਂ ਕਰੋ ਦੁਆਲੇ
ਕੋਈ ਨਾ ਮੇਰੇ ਚੜ੍ਹੋ ਚੁਬਾਰੇ
ਕੋਈ ਨਾ ਵੇਖੇ ਹੁਣ ਪਿਛਵਾੜੇ।