ਪੁਰੇ ਦੀਏ ਪੌਣੇਂ
ਇਕ ਚੁੰਮਣ ਦੇ ਜਾ,
ਛਿੱਟ ਸਾਰੀ ਦੇ ਜਾ ਖੁਸ਼ਬੋਈ !
ਅੱਜ ਸਾਨੂੰ ਪੁੰਨਿਆ ਦੀ-
ਓਦਰੀ ਜਹੀ ਚਾਨਣੀ ਦੇ,
ਹੋਰ ਨਹੀਉਂ ਵੇਖਦਾ ਨੀ ਕੋਈ !
ਅੱਜ ਮੇਰਾ ਬਿਰਹਾ ਨੀ-
ਹੋਇਆ ਮੇਰਾ ਮਹਿਰਮ,
ਪੀੜ ਸਹੇਲੜੀ ਸੂ ਹੋਈ !
ਕੰਬਿਆ ਸੂ ਅੱਜ ਕੁੜੇ-
ਪਰਬਤ ਪਰਬਤ,
ਵਣ ਵਣ ਰੱਤੜੀ ਸੂ ਰੋਈ !
ਸੁੱਕ ਬਣੇ ਸਾਗਰ-
ਥਲ ਨੀ ਤਪੰਦੇ ਅੱਜ,
ਫੁੱਲਾਂ ਚੋਂ ਸੁਗੰਧ ਅਜੇ ਮੋਈ
ਗਗਨਾਂ ਦੇ ਰੁੱਖੋਂ ਅੱਜ-
ਟੁੱਟੇ ਪੱਤੇ ਬਦਲਾਂ ਦੇ,
ਟੇਪਾ ਟੇਪਾ ਚਾਨਣੀ ਸੂ ਚੋਈ
ਅੱਜ ਤਾਂ ਨੀ ਕੁੜੇ-
ਸਾਡੇ ਦਿਲ ਦਾ ਰਾਂਝਣਾ,
ਖੋਹ ਸਾਥੋਂ ਲੈ ਗਿਆ ਈ ਕੋਈ !
ਅੱਜ ਮੇਰੇ ਪਿੰਡ ਦਿਆਂ-
ਰਾਹਾਂ ਤੇ ਤਿਜ਼ਾਬ ਤਿੱਖਾ,
ਲੰਘ ਗਿਆ ਡੋਹਲਦਾ ਈ ਕੋਈ !
ਸੋਈਓ ਹਾਲ ਹੋਇਆ ਅੱਜ-
ਪਰੀਤ ਨੀ ਅਸਾਡੜੀ ਦਾ,
ਠੱਕੇ ਮਾਰੀ ਕੰਮੀ ਜਿਵੇਂ ਕੋਈ
ਨਾ ਤਾਂ ਨਿਕਰਮਣ-
ਰਹੀ ਊ ਨੀ ਡੋਡੜੀ,
ਨਾ ਤਾਂ ਮੁਟਿਆਰ ਖਿੜ ਹੋਈ !
ਫੁੱਲਾਂ ਦੇ ਖਰਾਸੇ-
ਕਿਹੜੇ ਮਾਲੀ ਅੱਜ ਚੰਦਰੇ ਨੀ,
ਤਿਤਲੀ ਮਲੂਕ ਜਹੀ ਜੋਈ !
ਹੂੰਘਦੇ ਨੇ ਕਾਹਨੂੰ ਭੌਰੇ
ਜੂਹੀ ਦਿਆਂ ਫੁੱਲਾਂ ਉਤੇ,
ਕਾਲੀ ਜਿਹੀ ਓਡ ਕੇ ਨੀ ਲੋਈ !
ਕਿਰਨਾਂ ਦਾ ਧਾਗਾ-
ਸਾਨੂੰ ਲਹਿਰਾਂ ਦੀ ਸੂਈ ਵਿਚ
ਨੈਣਾਂ ਵਾਲਾ ਪਾ ਦੇ ਅਜ ਕੋਈ
ਲੱਭੇ ਨਾ ਨੀ ਨੱਕਾ-
ਸਾਡੀ ਨੀਝ ਨਿਮਾਨੜੀ ਨੂੰ,
ਰੋ ਰੋ ਅੱਜ ਧੁੰਦਲੀ ਸੂ ਹੋਈ
ਸੱਦੀਂ ਨੀ ਛੀਂਬਾ ਕੋਈ-
ਜਿਹੜਾ ਅਸਾਡੜੀ,
ਮੰਨ ਲਵੇ ਅਜ ਅਰਜੋਈ
ਠੇਕ ਦਵੇ ਲੇਖਾਂ ਦੀ
ਜੋ ਕੋਰੀ ਚਾਦਰ,
ਪਾ ਦੇ ਫੁੱਲ ਖੁਸ਼ੀ ਦਾ ਨੀ ਕੋਈ !
ਪੁਰੇ ਦੀਏ ਪੌਣੇਂ
ਇਕ ਚੁੰਮਣ ਦੇ ਜਾ,
ਛਿੱਟ ਸਾਰੀ ਦੇ ਜਾ ਖੁਸ਼ਬੋਈ !
ਅੱਜ ਸਾਨੂੰ ਪੁੰਨਿਆ ਦੀ-
ਓਦਰੀ ਜਹੀ ਚਾਨਣੀ ਦੇ,
ਹੋਰ ਨਹੀਉਂ ਵੇਖਦਾ ਨੀ ਕੋਈ !