ਯਾਰੜਿਆ! ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜ੍ਹੇ ਵੇ|
ਨੈਣਾਂ ਦੇ ਸੰਦਲੀ ਬੂਹੇ
ਜਾਣ ਸਦਾ ਲਈ ਭੀੜ੍ਹੇ ਵੇ|
ਯਾਦਾਂ ਦਾ ਇੱਕ ਛੰਬ ਮਤੀਲਾ
ਸਦਾ ਲਈ ਸੁੱਕ ਜਾਏ ਵੇ|
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ
ਆ ਕੋਈ ਢੇਰ ਲਤੀੜੇ ਵੇ|
ਬੰਨ੍ਹ ਤਤੀਰੀ ਚੋਵਣ ਦੀਦੇ
ਜਦ ਤੇਰਾ ਚੇਤਾ ਆਵੇ ਵੇ|
ਐਸਾ ਸਰਦ ਭਰਾਂ ਇੱਕ ਹਾਉਕਾ
ਟੁੱਟ ਜਾਵਣ ਮੇਰੇ ਬੀੜੇ ਵੇ|
ਇਓਂ ਕਰਕੇ ਮੈਂ ਘਿਰ ਜਾਂ ਅੜਿਆ
ਵਿਚ ਕਸੀਸਾਂ ਚੀਸਾਂ ਵੇ|
ਜਿਓਂ ਗਿਰਝਾਂ ਦਾ ਝੁੰਡ ਕੋਈ
ਮੋਇਆ ਕਰੰਗ ਧਰੀੜੇ ਵੇ|
ਲਾਲ ਬਿੰਬ ਹੋਠਾਂ ਦੀ ਜੋੜੀ
ਘੋਲ ਵਸਾਰਾ ਪੀਵੇ ਵੇ|
ਬੱਬਰੀਆ ਬਣ ਰੁਲਣ ਕੁਰਾਹੀਂ
ਮਨ ਮੰਦਰ ਦੇ ਦੀਵੇ ਵੇ|
ਆਸਾਂ ਦੀ ਪਿੱਪਲੀ ਰੱਬ ਕਰਕੇ
ਤੋੜ ਜੜੋਂ ਸੁੱਕ ਜਾਏ ਵੇ|
ਡਾਰ ਸ਼ੰਕ ਦੇ ਟੋਟਰੂਆਂ ਦੀ
ਗੋਲ੍ਹਾਂ ਬਾਝ ਮਰੀਏ ਵੇ|
ਮੇਰੇ ਦਿਲ ਦੀ ਹਰ ਇੱਕ ਹਸਰਤ
ਬਨਵਾਸੀਂ ਟੁਰ ਜਾਏ ਵੇ|
ਨਿੱਤ ਕੋਈ ਨਾਗ਼ ਗਮਾਂ ਦਾ
ਮੇਰੀ ਹਿਕ ਤੇ ਕੰਜ ਲਹਾਏ ਵੇ|
ਬਝੇ ਚੌਲ ਉਮਰ ਦੀ ਗੰਢੀ
ਸਾਹਵਾਂ ਦੇ ਡੁੱਲ ਜਾਵਣ ਵੇ|
ਚਾੜ੍ਹ ਗ਼ਮਾਂ ਦੇ ਛਜੀਂ ਕਿਸਮਤ
ਰੋ ਰੋ ਰੋਜ਼ ਛੱਟੀਏ ਵੇ|
ਐਸੀ ਪੀੜ ਰਚੀ ਮੇਰੇ ਹੱਡੀਂ
ਹੋ ਜਾਂ ਝੱਲ ਵਲੱਲੀ ਵੇ|
ਤਾਂ ਕੱਕਰਾਂ ’ਚੋਂ ਭਾਲਣ ਦੀ
ਮੈਨੂੰ ਪਏ ਜਾਏ ਛਾਤ ਅਵੱਲੀ ਵੇ|
ਭਾਸਣ ਰਾਤ ਦੀ ਹਿੱਕ ਤੇ ਤਾਰੇ
ਸਿੰਮਦੇ ਸਿੰਮਦੇ ਛਾਲੇ ਵੇ|
ਦੱਸੇ ਬੱਦਲੀ ਦੀ ਟੁਕੜੀ
ਜਿਓਂ ਜ਼ਖਮੋਂ ਪੀਕ ਉਧੱਲੀ ਵੇ|
ਸੱਜਣਾ ਤੇਰਿ ਭਾਲ ’ਚ ਅੜਿਆ
ਇਓਂ ਕਰ ਉਮਰ ਵੰਝਾਵਾਂ ਵੇ|
ਜਿਓਂ ਕੋਈ ਵਿਚ ਪਹਾੜਾਂ ਕਿਧਰੇ
ਵੱਗੇ ਕੂਲ੍ਹ ਇੱਕਲੀ ਵੇ|
ਮੰਗਾਂ ਗਲ ਵਿਚ ਪਾ ਕੇ ਬਗਲੀ
ਦਰ ਦਰ ਮੌਤ ਦੀ ਭਿੱਖਿਆ ਵੇ|
ਅੱਡੀਆਂ ਰਗੜ ਮਰਾਂ ਪਰ ਮੈਨੂੰ
ਮਿਲੇ ਨਾ ਮੌਤ ਸਵੱਲੀ ਵੇ|
ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ
ਜਾਂ ਦੂਧੀ ਹੋ ਜਏ ਵੇ|
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰਾਹੁਣੀ ਆਏ ਵੇ|
ਲੱਖ ਕੁ ਹੰਝੂ ਮੁੱਠ ਕੁ ਪੀੜਾਂ
ਹੋਵੇ ਪਿਆਰ ਦੀ ਪੂੰਜੀ ਵੇ|
ਜਿਓਂ ਜਿਓਂ ਕਰਾਂ ਉਮਰ ’ਚੋਂ ਮਨਫ਼ੀ
ਤਿਓਂ ਤਿਓਂ ਵਧਦੀ ਜਾਏ ਵੇ|
ਜ਼ਿੰਦਗੀ ਦੀ ਰੋਹੀ ਵਿੱਚ ਨਿੱਤ ਇਓਂ
ਵਧਦੀਆਂ ਜਾਣ ਉਜਾੜਾਂ ਵੇ|
ਜਿਓਂ ਭੱਖੜੇ ਦਾ ਇੱਕ ਫ਼ੁੱਲ ਪੱਕ ਕੇ
ਸੂਲਾਂ ਚਾਰ ਬਣਾਏ ਵੇ|
ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ
ਬਾਅਦ ਮੋਇਆਂ ਪਰ ਸਜਣਾ ਵੇ|
ਪਿਆਰ ਅਸਾਡੇ ਦੀ ਕਥਾ ਸੁੱਚੜੀ
ਆਲਮ ਕੁੱਲ ਸੁਣਾਏ ਵੇ|