ਖੂਨ ! ਬੇਹਾ-ਖੂਨ !
ਮੈਂ ਹਾਂ, ਬੇਹਾ ਖੂਨ !
ਨਿੱਕੀ ਉਮਰੇ ਭੋਗ ਲਈ
ਅਸਾਂ ਸੈਂ ਚੁੰਮਣਾਂ ਦੀ ਜੂਨ !
ਪਹਿਲਾਂ ਚੁੰਮਣ ਬਾਲ - ਵਰੇਸੇ
ਟੁਰ ਸਾਡੇ ਦਰ ਆਇਆ !
ਉਹ ਚੁੰਮਣ ਮਿੱਟੀ ਦੀ ਬਾਜ਼ੀ
ਦੋ ਪਲ ਖੇਡ ਗਵਾਇਆ !
ਦੂਜਾ ਚੁੰਮਣ ਜੋ ਸਾਨੂੰ ਜੁੜਿਆ
ਉਸ ਸਾਡੇ ਮੇਚ ਨਾ ਆਇਆ !
ਉਸ ਮਗਰੋਂ ਸੈਂ ਚੁੰਮਣ ਜੁੜਿਆ
ਪਰ ਹੋਠੀਂ ਨਾ ਲਾਇਆ !ਮੁੜ ਨਾ ਪਾਪ ਕਮਾਇਆ ! !
ਪਰ ਇਹ ਕੇਹਾ ਅਜ ਦਾ ਚੁੰਮਣ
ਗਲ ਸਾਡੇ ਲੱਗ ਰੋਇਆ ?ਹੋਠਾਂ ਦੀ ਦਹਿਲੀਜ਼ ਸਿਉਂਕੀ -
ਤੇ ਚਾਨਣ ਜਿਸ ਚੋਇਆ !
ਇਹ ਚੁੰਮਣ ਸਾਡਾ ਸੱਜਣ ਦਿਸਦਾ
ਇਹ ਸਾਡਾ ਮਹਿਰਮ ਹੋਇਆ !
ਡੂੰਘੀ ਢਾਬ ਹਿਜ਼ਰ ਦੀ ਸਾਡੀ
ਡੁੱਬ ਮੋਇਆ, ਡੁੱਬ ਮੋਇਆ !ਸਾਡਾ ਤਨ-ਮਨ ਹਰਿਆ ਹੋਇਆ !!
ਪਰ ਇਹ ਕਿਹਾ ਕੁ ਦਿਲ-ਪਰਚਾਵਾ
ਪਰ ਇਹ ਕਿਹਾ ਸਕੂਨ ?ਮੈਂ ਹਾਂ, ਬੇਹਾ-ਖੂਨ !
ਖੂਨ !
ਬੇਹਾ-ਖੂਨ !
ਬਾਸ਼ੇ ਨੂੰ ਇਕ ਤਿੱਤਲੀ ਕਹਿਣਾ
ਇਹ ਹੈ ਨਿਰਾ ਜਨੂੰਨ !
ਬਾਲ-ਵਰੇਸੇ ਜਿਹੜਾ ਮਰਿਆ
ਉਸ ਚੁੰਮਣ ਦੀ ਊਣ
ਮਰ-ਮੁੱਕ ਕੇ ਵੀ ਕਰ ਨਾ ਸਕਦਾ
ਪੂਰੀ ਬੇਹਾ-ਖੂਨ !
ਭਾਵੇਂ ਇਹ ਬ੍ਰਹਮੰਡ ਵੀ ਫੋਲੇ
ਜਾਂ ਅਰੂਨ ਵਰੂਨ
ਇਹ ਵੀ ਇਕ ਜਨੂੰਨ
ਮੈਂ ਹਾਲੇ ਤਾਜ਼ੇ ਦਾ ਤਾਜ਼ਾ
ਸਮਝੇ ਮੇਰਾ ਖੂਨ !
ਨਿੱਕੀ ਉਮਰੇ ਮਾਣ ਲਈ
ਜਿਸ ਸੈਂ ਚੁੰਮਣਾਂ ਦੀ ਜੂਨ
ਖੂਨ !
ਬੇਹਾ-ਖੂਨ !
ਮੈਂ ਹਾਂ, ਬੇਹਾ-ਖੂਨ......!!