ਬੱਲੇ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਸ਼ਾਵਾ ਬਈ ਨੇਤਾ ਜੀ ਆਏ
ਫਿਰ ਵੋਟਾਂ ਦਾ ਦੌਰ ਚੱਲ ਪਿਆ,
ਇੱਕ ਮੁੱਕਿਆ ਇੱਕ ਹੋਰ ਚੱਲ ਪਿਆ,
ਪਿੰਡਾਂ ਦੇ ਪੰਚਾਂ ਸਰਪੰਚਾਂ ਸਭ ਨੂੰ ਸੁਨੇਹੇ ਲਾਏੇ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਪਿੰਡ ਵਿਚਾਲੇ ਟੈਂਟ ਜੜ ਲਿਆ,
ਵੱਡਾ ਸਾਰਾ ‘ਕੱਠ ਕਰ ਲਿਆ,
ਧੂੜਾਂ ਪੱਟਦੀ ਕਾਰ ਸੀ ਆਈ, ਨੇਤਾ ਵਿੱਚ ਬਿਠਾਏ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਆਣ ਸਟੇਜ਼ ਤੇ ਉੱਤੇ ਚੜ ਗਿਆ,
ਮਾਇਕ ਨੂੰ ਫੜਕੇ ਨੇਤਾ ਖੜ ਗਿਆ,
ਭਾਸ਼ਣ ਦੇ ਕੇ ਕੁਫਰ ਤੋਂਲਿਆ ਵੱਡੇ-ਵੱਡੇ ਗੱਪ ਸੁਣਾਏ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਕਹਿੰਦਾ ਬੇਰੁਜ਼ਗਾਰ ਜੁਆਨੋ,
ਮੇਰੇ ਮਿੱਤਰੋ ਯਾਰ ਜੁਆਨੋ,
ਨੌਕਰੀਆਂ ਤੇ ਲਾਦਿਊਂ ਸਭ ਨੂੰ ਕਿਉਂ ਐਵੇਂ ਘਬਰਾਏ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਅਮਲੀ, ਭੰਗੀ, ਪੋਸਤ ਵਾਲਿਉ,
ਰੱਜ਼-ਰੱਜ਼ ਕੇ ਨਸ਼ੇ ਖਾਲਿਉ,
ਪੁਲਿਸ ਨਾ ਆਊ ਘਰੇ ਭਾਵੇਂ ਦੇਸੀ ਕੱਢ ਪਿਲਾਏ
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਬਾਅਦ ਚ ਆਪਣਾ ਬੰਦ ਕਰ ਭਾਸ਼ਣ,
ਚਾਹ-ਪਾਣੀ ਸਭ ਛਕ ਕੇ ਰਾਸ਼ਨ,
ਹੱਥ ਜੋੜ ਨੇਤਾ ਜੀ ਨੇ ਘਰ-ਘਰ ਕੁੰਡੇ ਖੜਕਾਏ,
ਬਈ ਨੇਤਾ ਜੀ ਆਏ ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਗਲੀ ਗਲੀ ਵਿੱਚ ਵੋਟਾਂ ਮੰਗਦਾ,
ਮੰਗਣ ਲੱਗਿਆਂ ਜਵਾਂ ਨੀ ਸੰਗਦਾ,
ਆਪ ਤੋਂ ਛੋਟਿਆਂ ਦੇ ਵੀ ਜਾ ਕੇ ਪੈਂਰੀ ਹੱਥ ਲਗਾਏ,
ਬਈ ਨੇਤਾ ਜੀ ਆਏ ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਲੋਕਾਂ ਨੂੰ ਭਰਮਾ ਕੇ ਤੁਰ ਗਿਆ,
ਚੱਕਰਾਂ ਦੇ ਵਿੱਚ ਪਾ ਕੇ ਤੁਰ ਗਿਆ,
ਵੋਟਾਂ ਪਿੱਛੋਂ ਜਦੋਂ ਜਿੱਤ ਗਿਆ ਫੇਰ ਨਾਂ ਫੇਰੇ ਪਾਏ,
ਬਈ ਨੇਤਾ ਜੀ ਆਏ ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਇਹ ਲੋਕੀ ਨਾਂ ਬਣਨ ਕਿਸੇ ਦੇ,
ਲੋੜ ਸਮੇਂ ਨਾਂ ਖੜ੍ਹਨ ਕਿਸੇ ਦੇ,
ਸਾਧੂ ਰਾਮ ਜੀ ਲੰਗੇਆਣੀਆਂ ਸਭ ਨੂੰ ਸੱਚ ਫੁਰਮਾਏ,
ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ
ਬੱਲੇ ਬਈ ਨੇਤਾ ਜੀ ਆਏ
ਲੇਖਕ:- ਡਾ:ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
Email: Dr.srlangiana@gmail.com
Mobile : +91 98781-17285