---------------------ਭੁੱਲ----------------------
ਮੰਨਦੇ ਹਾਂ ਮਿਤਰਾ ਕਈ ਵਾਰੀ, ਐਵੇਂ ਹੀ ਗਲਤੀ ਹੋ ਜਾਂਦੀ,
ਸਹਿਜੇ ਸਹਿਜੇ ਤੁਰਦੇ ਵੀ ਕਈ ਵਾਰੀ ਜਲਦੀ ਹੋ ਜਾਂਦੀ,
ਪਰ ਗਲਤੀ ਕਰ ਦਿਲ ਹਾਰਨ ਨੂੰ, ਇਓਂ ਜੀਣਾ ਨਹੀਂ ਕਹਿੰਦੇ,
ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,
ਤੂੰ ਇਕੱਲਾ ਤਾਂ ਨਹੀਂ ਜੋ ਕਰ ਬੈਠਾ, ਹਰੇਕ ਦੀ ਇਹੀ ਕਹਾਣੀ ਹੈ,
ਜ਼ਰਾ ਗਹੁ ਨਾਲ ਤੱਕ ਕੇ ਵੇਖੀ ਤੂੰ, ਦੁਨੀਆ ਗਲਤੀਆਂ ਦੀ ਤਾਣੀ ਹੈ,
ਆਪਣੇ ਆਪ ਨੂੰ ਨੀਵਾਂ ਮੰਨ ਕੇ ਐਵੇਂ ਨਹੀਂ ਖਹਿੰਦੇ,
ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,
ਇਹ ਨਾ ਸੋਚਕੇ ਇਸ ਕਰਕੇ ਹੁਣ ਅੱਗੇ ਨਹੀਂ ਜਾਣਾ,
ਜੇ ਔਕੜਾਂ ਆ ਗਈਆਂ ਤਾਂ ਲੰਘਿਆ ਨਹੀਂ ਜਾਣਾ,
ਭਾਵੇਂ ਲੱਖ ਕੋਈ ਰੋਕੇ, ਪਾਣੀ ਫਿਰ ਵੀ ਨੇ ਵਹਿੰਦੇ,
ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,
ਗ਼ਲਤ ਰਾਹ ਤੇਰੇ ਪੈਣ ਤੇ ਵੀ ਇਹ ਠੀਕ ਨਹੀਂ ਹੋਣੀ,
ਐਵੇਂ ਨਾ ਇਹ ਸੋਚ ਕਿਤੇ, ਕਰ ਲਈ ਕੋਈ ਤੂੰ ਅਨਹੋਣੀ,
ਲੋਕਾਂ ਦਾ ਤਾਂ ਕੰਮ ਹੀ ਹੈ, ਇਹ ਕਹਿੰਦੇ ਹੀ ਰਹਿੰਦੇ,
ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,
ਹਰ ਗਲਤੀ ਤੋਂ ਸਬਕ ਲੇ, ਬਸ ਇਹੀ ਤੈਨੂੰ ਸਿਖਾਉਂਦੀ ਹੈ,
ਇਸ ਜ਼ਿੰਦਗੀ ਨੂੰ ਕਿਦਾਂ ਜੀਣਾ, ਇਹੀ ਗੁਰ ਸਮਝਾਉਂਦੀ ਹੈ,
ਇਸਦੇ ਕਰਕੇ ਦਿਲ ਹਾਰ ਕੇ. ਏਦਾਂ ਨਹੀਂ ਬਹਿੰਦੇ,
ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,
ਬੱਸ ਕਰਨਾ ਹੈ ਤਾਂ ਇਕੋ ਗੱਲ ਅਹਿਸਾਸ ਜ਼ਰੂਰੀ ਹੈ,
ਗਲਤੀ ਕਰ ਤੇਰਾ ਆਪਣਾ ਦਿਲ ਹੋਇਆ ਸਾਫ਼ ਜ਼ਰੂਰੀ ਹੈ,
ਬਾਕੀ ਵਾਧੇ ਘਾਟੇ ਤਾਂ ਸਦਾ ਚਲਦੇ ਨੇ ਰਹਿੰਦੇ,
ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,
ਚੱਲ ਹੁਣ ਸਬਕ ਤੂੰ ਸਿਖ ਹੀ ਲਿਆ ਤਾਂ ਹੁਣ ਨਹੀਂ ਪਛਤਾਉਣਾ,
ਅਜੇ ਤਾਂ ਬੜਾ ਕੁਛ ਹੋਣਾ ਹੈ, ਬਸ ਦਿਲ ਤੇ ਨਹੀਂ ਲਾਉਣਾ,
ਯਾਦ ਰਖ ਬੱਸ ਚੱਲੀ ਜਾ, ਇਕ ਇਹੀ ਤੇਰਾ ਕਰਮ ਹੈ,
ਖੁਸ਼ ਰਹਿ ਕੇ ਜਿੰਦਗੀ ਮਾਣ, ਬਸ ਇਹੀ ਤੇਰਾ ਧਰਮ ਹੈ,
ਚੱਲ ਬਾਹਰ ਨਿਕਲ ਤੇ ਹੋ ਅੱਗੇ, ਦੁਨੀਆ ਵਾਲੇ ਵਹਿੰਦੇ,
ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,