ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵ ਵੇ,
ਕਿਉਂ ਕੋਈ ਡਾਚੀ ਸਾਗਰ ਖਾਤਰ,
ਮਾਰੂਥਲ ਛੱਡ ਜਾਵੇ ਵੇ !
ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦਸ ਚੜ੍ਹਦਾ ਵੇ,
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ‘ਤੇ ਲਾਵੇ ਵੇ !
ਗਮ ਦਾ ਮੋਤੀਆ ਉਤਰ ਆਇਆ,
ਸਿਦਕ ਮੇਰੇ ਦੇ ਨੈਣੀ ਵੇ,
ਪ੍ਰੀਤ-ਨਗਰ ਦਾ ਪੈਂਡਾ ਔਖਾ,
ਜਿੰਦੜੀ ਕਿੰਜ ਮੁਕਾਵੇ ਵੇ !
ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੋਣ ਕਰੇਂਦੈ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆ ਉੱਤੋਂ,
ਹਰੀਅਲ ਆਣ ਉਡਾਵੇ ਵੇ !
ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ,
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ !
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ,
ਵੇਖ ਕੇ ਕਿੰਜ ਕੁਰਲਾਵਾਂ ਵੇ,
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ !
ਤੜਪ ਤੜਪ ਕੇ ਮਰ ਗਈ ਅੜਿਆ,
ਮੇਲ ਤੇਰੇ ਦੀ ਹਸਰਤ ਵੇ,
ਐਸੇ ਇਸ਼ਕ ਦੇ ਜ਼ੁਲਮੀ ਰਾਜੇ,
ਬਿਰਹੋਂ ਬਾਣ ਚਲਾਏ ਵੇ !
ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆ ਵੱਤ ਚੱਬ ਲਏ ਵੇ,
ਕੱਠੇ ਕਰ ਕਰ ਕੇ ਮੈਂ ਤੀਲੇ
ਬੁੱਕਲ ਵਿਚ ਧੁਖਾਏ ਵੇ !
ਇਕ ਚੁੱਲੀ ਵੀ ਪੀ ਨਾ ਸੱਕੀ
ਪਿਆਰ ਦੇ ਨਿੱਤਰੇ ਪਾਣੀ ਵੇ,
ਵਿੰਹਦਿਆ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਠ ਛੁਹਾਏ ਵੇ !