ਇਹ ਮੇਰਾ ਨਿੱਕਾ ਜਿੰਨਾ ਕਮਰਾ
ਇਹ ਮੇਰਾ ਨਿੱਕਾ ਜਿੰਨਾ ਕਮਰਾ
ਦਰਿਆਈ ਮੱਛੀ ਦੇ ਵਾਕਣ
ਗੂਹੜਾ ਨੀਲਾ ਜਿਸ ਦਾ ਚਮੜਾ
ਵਿੱਚ ਮਿੱਟੀ ਦਾ ਦੀਵਾ ਊਂਘੇ
ਜੀਕਣ ਅਲਸੀ ਦੇ ਫੁੱਲਾਂ ਤੇ-
ਮੰਡਲਾਂਦਾ ਹੋਏ ਕੋਈ ਭੰਵਰਾ
ਇਹ ਮੇਰਾ ਨਿੱਕਾ ਜਿੰਨਾ ਕਮਰਾ !
ਇਸ ਕਮਰੇ ਦੀ ਦੱਖਣੀ ਕੰਧ ਤੇ
ਕੰਨ ਤੇ ਨਹੀਂ ਕਮਰੇ ਦੇ ਦੰਦ ਤੇ
ਮੇਰੇ ਪਾਟ ਦਿਲ ਦੇ ਵਾਕਣ
ਪਾਟਾ ਇਕ ਕਲੰਡਰ ਲਟਕੇ
ਕਿਸੇ ਮੁਸਾਫਰ ਦੀ ਅੱਖ ਵਿੱਚ ਪਏ
ਗੱਡੀ ਦੇ ਕੋਲੇ ਵੱਤ ਰੜਕੇ
ਫੂਕ ਦਿਆਂ ਜੀ ਕਰਦੈ ਫੜ ਕੇ :
ਕਾਸਾ ਫੜ ਕੇ ਟੁਰਿਆ ਜਾਂਦਾ
ਓਸ ਕਲੰਡਰ ਵਾਲਾ ਲੰਗੜਾ !
ਜਿਸ ਦੇ ਹੱਥ ਵਿਚ ਹੈ ਇਕ ਦਮੜਾ
ਖੌਰੇ ਕਿਉਂ ਫਿਰ ਦਿਲ ਡਰ ਜਾਂਦੈ
ਸਿਗਰਟ ਦੇ ਧੂੰਏਂ ਸੰਗ ਨਿੱਕਾ-
ਇਹ ਮੇਰਾ ਕਮਰਾ ਝੱਟ ਭਰ ਜਾਂਦੈ
ਫਿਰ ਡੂੰਘਾ ਸਾਗਰ ਬਣ ਜਾਂਦੈ
ਵਿਹੰਦਿਆਂ ਵਿਹੰਦਿਆਂ ਨੀਲਾ ਕਮਰਾ
ਫਿਰ ਡੂੰਘਾ ਸਾਗਰ ਬਣ ਜਾਂਦੈ
ਇਸ ਸਾਗਰ ਦੀਆਂ ਲਹਿਰਾਂ ਅੰਦਰ
ਮੇਰਾ ਬਚਪਨ ਤੇ ਜਵਾਨੀ
ਕੋਠਾ-ਕੁੱਲਾ ਸੱਭ ਰੁੜ ਜਾਂਦੈ !
ਸਾਹਵੀਂ ਕੰਧ ਤੇ ਬੈਠਾ ਹੋਇਆ
ਕੋਹੜ ਕਿਰਲੀਆਂ ਦਾ ਇਕ ਜੋੜਾ
ਮਗਰ ਮੱਛ ਦਾ ਰੂਪ ਵਟਾਉਂਦੈ !
ਮੇਰੇ ਵੱਲੇ ਵੱਧਦਾ ਆਉਂਦੈ
ਇਕ ਬਾਂਹ ਤੇ ਇਕ ਲੱਤ ਖਾ ਜਾਂਦੈ
ਓਸ ਕਲੰਡਰ ਦੇ ਲੰਗੜੇ ਵੱਤ-
ਮੈਂ ਵੀ ਹੋ ਜਾਂਦਾਂ ਮੁੜ ਲੰਗੜਾ
ਆਪਣੀ ਗੁਰਬਤ ਦੇ ਨਾਂ ਉੱਤੇ
ਮੰਗਦਾ ਫਿਰਦਾਂ ਦਮੜਾ ਦਮੜਾ
ਫਿਰ ਮੇਰਾ ਸਾਹ ਸੁਕਣ ਲੱਗਦੈ
ਮੋਈਆਂ ਇੱਲਾਂ ਕੰਨ -ਖਜੂਰੇ
ਅੱਕ ਦੇ ਟਿੱਡੇ ਛਪੜੀ ਕੂਰੇ
ਮੋਏ ਉੱਲੂ, ਮੋਏ ਕਤੂਰੇ
ਖੋਪੜੀਆਂ ਚਮਗਾਦੜ ਭੂਰੇ
ਓਸ ਕਲੰਡਰ ਵਾਲਾ ਲੰਗੜਾ
ਮੇਰੇ ਮੂੰਹ ਤੇ ਸੁੱਟਣ ਲਗਦੈ
ਗਲ ਮੇਰਾ ਫਿਰ ਘੁੱਟਣ ਲਗਦੈ !
ਮੇਰਾ ਜੀਵਨ ਮੁੱਕਣ ਲਗਦੈ
ਫੇਰ ਅਜਨਬੀ ਕੋਈ ਚਿਹਰਾ
ਮੇਰੇ ਨਾਂ ਤੇ ਉਸ ਲੰਗੜੇ ਨੂੰ
ਦੇ ਦਿੰਦਾ ਹੈ ਇਕ ਦੋ ਦਮੜਾ
ਫੇਰ ਕਲੰਡਰ ਬਣ ਜਾਂਦਾ ਹੈ
ਓਸ ਕਲੰਡਰ ਵਾਲਾ ਲੰਗੜਾ !
ਇਹ ਮੇਰਾ ਨਿੱਕਾ ਜਿੰਨਾ ਕਮਰਾ
ਦਰਿਆਈ ਮੱਛੀ ਦੇ ਵਾਕਣ
ਗੂਹੜਾ ਨੀਲਾ ਜਿਸ ਦਾ ਚਮੜਾ
ਇਹ ਮੇਰਾ ਨਿੱਕਾ ਜਿੰਨਾ ਕਮਰਾ..........