ਅਜਨਬੀ ਇੱਕ ਦਰਦ ਦੇ
ਹੁਣ ਸਾਥ ਵਿੱਚ ਭੌਂਦਾ ਹਾਂ ਮੈਂ
ਨੰਗਿਆਂ ਰਾਤਾ ਨੂੰ ਮੂਹ 'ਤੇ
ਓਢ ਕੇ ਸੌਂਦਾ ਹਾਂ ਮੈਂ
ਤੇ ਅਪਣੇ ਗਲ ਲੱਗ ਕੇ
ਹੁਣ ਆਪ ਹੀ ਰੋਂਦਾ ਹਾਂ ਮੈਂ !
ਹੁਣ ਕਿਸੇ ਚਿਹਰੇ 'ਚੋਂ ਮੈਨੂੰ
ਗੀਤ ਕੋਈ ਲੱਭਦਾ ਨਹੀਂ
ਵਿਰਾਨਿਆਂ, ਮੈਖ਼ਾਨਿਆਂ,
ਦੋਹਾਂ 'ਚ ਜੀਅ ਲੱਗਦਾ ਨਹੀਂ
ਤੇ ਮੌਤ ਦਾ ਅਹਿਸਾਸ ਹੁਣ
ਦਿਲ ਨੂੰ ਕਦੇ ਛੱਡਦਾ ਨਹੀਂ !
ਹੁਣ ਚੁੱਪ ਏਨੀ ਹੈ
ਕਿ ਚੁੱਪ ਦੀ 'ਵਾਜ ਸੁਣ ਸਕਦਾ ਹਾਂ
ਤੇ ਦਰਦ ਏਨਾ ਹੈਂ
ਕਿ ਖ਼ੁਦ ਤੋ ਹੀ ਡਰਦਾ ਹਾਂ ਮੈਂ
ਬਦਚਲਨ ਰਾਤਾਂ ਦਾ ਹੁਣ
ਸੜਕਾ 'ਤੇ ਭਾਅ ਕਰਦਾ ਹਾਂ ਮੈਂ !
ਤੇ ਸਿਫ਼ਲਸੀ ਸ਼ਾਮਾ ਦੀ ਠੰਢੀ
ਅੱਗ ਵਿੱਚ ਬਲਦਾ ਹਾਂ ਮੈਂ
ਹੁਣ ਰੋਜ਼ ਹੀ ਜਿਉਦਾ ਹਾ ਮੈਂ
ਤੇ ਰੋਜ਼ ਹੀ ਮਰਦਾ ਹਾਂ ਮੈਂ
ਹੁਣ ਪਿੱਠ ਤੇ ਜੰਗਲ ਉਠਾ ਕੇ
ਸ਼ਹਿਰ ਵਿੱਚ ਚੱਲਦਾ ਹਾਂ ਮੈਂ !