ਬਾਪ ਦੀ ਕੋਈ ਜਾਤ ਹੋ ਸਕਦੀ ਏ
ਮਾਂ ਦਾ ਕੋਈ ਧਰਮ ਹੋ ਸਕਦੈ
ਪਰ ਕੋਈ ਜਾਤ ਨਹੀਂ ਹੁੰਦੀ
ਕੋਈ ਧਰਮ ਨਹੀਂ ਹੁੰਦਾ
ਬਾਪ ਦੇ ਸਨੇਹ ਦਾ
ਤੇ ਮਾਂ ਦੀ ਮਮਤਾ ਦਾ
ਹੋ ਸਕਦੈ ਕੋਈ ਬਾਪ
ਮੁਸਲਮਾਨ, ਤੇ ਕੋਈ ਹਿੰਦੂ
ਹੋ ਸਕਦੀ ਏ ਕੋਈ ਮਾਂ ਸਿੱਖ
ਤੇ ਕੋਈ ਮਾਂ ਇਸਾਈ
ਹੋ ਸਕਦੈ ਕੋਈ ਬਾਪ
ਸਿਆਹ ਕਾਲਾ ਹੋਵੇ
ਤੇ ਕੋਈ ਗੋਰਾ ਗੁਲਾਬੀ
ਹੋ ਸਕਦੀ ਏ ਕੋਈ ਮਾਂ
ਅੰਤਾਂ ਦੀ ਗੋਰੀ
ਤੇ ਕੋਈ ਕਾਲੀ ਸ਼ਾਹ ਕਾਲੀ
ਹੋ ਸਕਦੈ ਕੋਈ ਬਾਪ ਅਮਰੀਕੀ
ਤੇ ਕੋਈ ਅਫ਼ਰੀਕੀ
ਹੋ ਸਕਦੀ ਏ ਕੋਈ ਮਾਂ
ਜਪਾਨੀ ਤੇ ਕੋਈ ਹਿੰਦੋਸਤਾਨੀ
ਪਰ ਬਾਪ ਦੇ ਸਨੇਹ ਦਾ
ਤੇ ਮਾਂ ਦੀ ਮਮਤਾ ਦਾ
ਕੋਈ ਦੇਸ਼ ਨਹੀਂ ਹੁੰਦਾ
ਕੋਈ ਕੌਮ ਨਹੀਂ ਹੁੰਦੀ
ਕੋਈ ਜਾਤ ਨਹੀਂ ਹੁੰਦੀ
ਕੋਈ ਧਰਮ ਨਹੀਂ ਹੁੰਦਾ
ਮੁੰਬਈ ਤੇ ਹਮਲਾ ਕਰਕੇ
'ਮੋਸ਼'ੇ ਜਿਹੀ ਮਾਸੂਮ ਜਿੰਦ ਨੂੰ
ਬਾਪ ਦੇ ਸਨੇਹ
ਤੇ ਮਾਂ ਦੀ ਮਮਤਾ ਤੋਂ
ਵਾਂਝਿਆਂ ਕਰਨ ਵਾਲਿਉ!
ਲਾਸ਼ਾਂ ਦੀਆਂ ਮਚਦੀਆਂ ਲਾਟਾਂ
ਪਰਲ, ਪਰਲ ਵਗਦੇ ਹੰਝੂਆਂ
ਤੇ ਆਕਾਸ਼ ਚੀਰਦੇ ਵੈਣਾਂ ਨੂੰ
ਤੱਕ, ਸੁਣ ਕੇ
ਧਰਮ ਲਈ ਕੀਤਾ ਕੋਈ
ਜਹਾਦ ਸਮਝਣ ਵਾਲਿਉ!
ਮਨੁੱਖਤਾ ਦੇ ਲਹੂ
ਨਾਲ ਸਿੰਜਿਆਂ
ਜੇ ਧਰਮ ਦੇ ਬੀਜ ਪੁੰਗਰਦੇ ਹੁੰਦੇ
ਤਾਂ ਅੱਜ ਸ਼ਾਇਦ
ਅੱਤਵਾਦ ਹੀ ਹੁੰਦਾ
ਦੁਨੀਆਂ ਦਾ ਸਭ ਤੋਂ ਵੱਡਾ ਧਰਮ
ਤੇ ਅੱਤਵਾਦੀ ਹੀ ਹੁੰਦੇ
ਵਿਸ਼ਵ ਦੀ ਸਭ ਤੋਂ ਵੱਡੀ ਕੌਮ
ਇਸਲਾਮ, ਹਿੰਦੂਇਜ਼ਮ
ਈਸਾਈਅਤ, ਸਿੱਖੀ ਅਤੇ ਕਈ ਹੋਰ
ਹੋ ਸਕਦੇ ਨੇ ਧਰਮਾਂ ਦੇ ਨਾਂਅ
ਪਰ ਧਰਮ ਕੋਈ ਹੋਵੇ
ਵਿਸ਼ਵ ਦੀ ਕੁੱਲ ਲੁਕਾਈ
ਵੰਡੀ ਹੋਈ ਏ
ਕੇਵਲ ਦੋ ਹਿੱਸਿਆਂ ਵਿਚ
ਇੱਥੇ ਜਾਂ ਤਾਂ ਇਨਸਾਨ ਹੁੰਦੇ ਨੇ
ਜਾਂ ਫ਼ਿਰ ਅੱਤਵਾਦੀ
ਕਿਉਂਕਿ ਇਨਸਾਨ
ਅੱਤਵਾਦੀ ਨਹੀਂ ਹੋ ਸਕਦੇ
ਤੇ ਅੱਤਵਾਦੀ ਇਨਸਾਨ
'ਮੋਸ਼ੇ' ਦੀਆਂ ਮਾਪਿਆਂ ਨੂੰ ਭਾਂਲਦੀਆਂ
ਤਰਲੇ ਲੈਂਦੀਆਂ ਨਜ਼ਰਾਂ
ਤੇ ਮੋਸ਼ੇ ਦੇ ਸੀਨੇ ਪੈਂਦੀ ਖਿੱਚ
ਦੇ ਬਾਵਜੂਦ
'ਮੋਸ਼ੇ' ਨੂੰ
ਕਦੇ ਨਸੀਬ ਨਹੀਂ ਹੋਣੇ
ਉਹਦੇ ਮਾਪੇ
ਤੇ ਜ਼ਰਾ ਅਹਿਸਾਸ ਕਰਨਾ
ਕਿ ਇਹ ਅਹਿਸਾਸ
ਉਸਨੇ
ਅਜੇ ਸਾਰੀ ਉਮਰ ਢੋਣਾ ਏ
ਕਈ ਦਹਾਕੇ
ਨਿਭਾਉਣਾ ਏ
ਹੰਢਾਉਣਾ ਏ
2008 ਭਾਵੇਂ
ਕਈ ਕੁਝ ਦੇ ਗਿਆ ਹੋਵੇ
ਖੋਹ ਕੇ ਲੈ ਗਿਐ
'ਮੋਸ਼ੇ' ਦੇ ਹਾਸੇ
ਆ ਬਈ 2009
ਵੇਖੀਂ ਯਾਰਾ
ਤੇਰੇ 365 ਦਿਨਾਂ 'ਚ
ਖੋਹੇ ਨਾ ਜਾਣ
ਕਿਸੇ ਜਨੂੰਨੀ ਦੇ ਹੱਥੋਂ
ਕਿਸੇ ਹੋਰ 'ਮੋਸ਼ੇ' ਦੇ ਹਾਸੇ!
- ਐੱਚ.ਐੱਸ.ਬਾਵਾ
ਇਹ ਕਵਿਤਾ 2008 ਵਿਚ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਨਵੇਂ ਸਾਲ 2009 ਦੀ ਆਮਦ ਮੌਕੇ 'ਮੋਸ਼ੇ' ਨਾਂਅ ਦੇ ਬੱਚੇ 'ਤੇ ਕੇਂਦਰਿਤ ਕਰਕੇ ਲਿਖੀ ਗਈ ਸੀ। ਮੋਸ਼ੇ ਨੇ ਇਸ ਹਮਲੇ ਵਿਚ ਆਪਣੀ ਮਾਂ ਅਤੇ ਪਿਤਾ ਦੋਵੇਂ ਗੁਆ ਲਏ ਸਨ। ਇਸ ਅੱਤਵਾਦੀ ਹਮਲੇ ਨੇ ਉਸ ਨੂੰ ਅਨਾਥ ਕਰ ਦਿੱਤਾ ਸੀ।