ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਪੀੜਾਂ ਕਰ ਗਈ ਦਾਨ ਵੇ!
ਸਾਡੇ ਗੀਤਾਂ ਰੱਖੇ ਰੋਜੜੇ-
ਨਾ ਪੀਵਣ ਨਾ ਕੁਝ ਖਾਣ ਵੇ!
ਮੇਰੇ ਲੇਖਾਂ ਦੀ ਬਾਂਹ ਵੇਖਿਓ,
ਕੋਈ ਸੱਦਿਓ ਅਜ ਲੁਕਮਾਨ ਵੇ!
ਇਕ ਜੁੱਗੜਾ ਹੋਇਆ ਅੱਥਰੇ,
ਨਿੱਤ ਮਾੜੇ ਹੁੰਦੇ ਜਾਣ ਵੇ!
ਮੈਂ ਭਰ ਦਿਆਂ ਕਟੋਰੜੇ,
ਬੁੱਲ੍ਹ ਚੱਖਣ ਨਾ ਮੁਸਕਾਣ ਵੇ!
ਮੇਰੇ ਦੀਦੇ ਅੱਜ ਬਦੀਦੜੇ,
ਪਏ ਨੀਂਦਾਂ ਤੋਨ ਸ਼ਰਮਾਣ ਵੇ!
ਅਸਾਂ ਗਮ ਦੀਆਂ ਦੇਗਾਂ ਚਾੜ੍ਹੀਆਂ,
ਅੱਜ ਕਢ ਬਿਰਹੋਂ ਦੇ ਡਾਨ੍ਹ ਵੇ!
ਅੱਜ ਸਦੋ ਸਾਕ ਸਕੀਰੀਆਂ,
ਕਰੋ ਧਾਮਾਂ ਕੁੱਲ ਜਹਾਨ ਵੇ!
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੰਝੂ ਕਰ ਗਈ ਦਾਨ ਵੇ!
ਅੱਜ ਪਿੱਟ ਪਿੱਟ ਹੋਇਆ ਨੀਲੜਾ,
ਸਾਡੇ ਨੈਣਾਂ ਦਾ ਅਸਮਾਨ ਵੇ!
ਸਾਡਾ ਇਸ਼ਕ ਕੁਆਰਾ ਮਰ ਗਿਆ,
ਕੋਈ ਲੈ ਗਿਆ ਕੱਢ ਮਸਾਣ ਵੇ!
ਸਾਡੇ ਨੈਣ ਤੇਰੇ ਅੱਜ ਦੀਦ ਦੀ,
ਪਏ ਕਿਰਿਆ ਕਰਮ ਕਰਾਣ ਵੇ!
ਸਾਨੂੰ ਦਿੱਤੇ ਹਿਜਰ ਤਵੀਤੜੇ,
ਤੇਰੀ ਫੁਰਕਤ ਦੇ ਸੁਲਤਾਨ ਵੇ!
ਅੱਜ ਪ੍ਰੀਤ-ਨਗਰ ਦੇ ਸੌਰੀਏ,
ਸਾਨੂੰ ਚੌਕੀ ਬੈਠ ਖਿਡਾਣ ਵੇ!
ਅੱਜ ਪੌਣਾਂ ਪਿੱਟਣ ਤਾਜੀਏ,
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ!
ਅੱਜ ਪੀ ਪੀ ਜੇਠ ਤਪੰਦੜਾ,
ਹੋਇਆ ਫੁੱਲਾਂ ਨੂੰ ਯਰਕਾਨ ਵੇ!
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੌਕੇ ਕਰ ਗਈ ਦਾਨ ਵੇ!
ਅੱਜ ਸੌਂਕਣ ਦੁਨੀਆ ਮੈਂਡੜੀ,
ਮੈਨੂੰ ਆਈ ਕਲੀਰੇ ਪੱਣ ਵੇ!
ਅੱਜ ਖਾਵੇ ਧੌਂਫ ਕਲੇਜੜਾ,
ਮੇਰੀ ਹਿੱਕ ‘ਤੇ ਪੈਣ ਵਦਾਨ ਵੇ!
ਅੱਲ ਖੁੰਢੀ ਖੁਰਪੀ ਸਿਦਕ ਦੀ,
ਮੈਥੋਂ ਆਈ ਧਰਤ ਚੰਡਾਣ ਵੇ!
ਅਸਾਂ ਖੇਡੀ ਖੇਡ ਪਿਆਰ ਦੀ,
ਅਇਆ ਵੇਖਣ ਕੁਲ ਜਹਾਨ ਵੇ!
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ,
ਸਭ ਫਾਡੀ ਆਖ ਬੁਲਾਣ ਵੇ!
ਅੱਜ ਬਣੇ ਪਰਾਲੀ ਹਾਣੀਆ,
ਮੇਰੇ ਦਿਲ ਦੇ ਪੱਲਰੇ ਧਾਨ ਵੇ!
ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ,
ਅੱਜ ਆਵੇ ਮੈਨੂੰ ਛਾਣ ਵੇ!
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਸੂਲਾਂ ਕਰ ਗਈ ਦਾਨ ਵੇ!
ਅੱਜ ਫੁੱਲਾਂ ਦੇ ਘਰ ਮਹਿਕ ਦੀ,
ਆਈ ਦੂਰੋਂ ਚੱਲ ਮਕਾਣ ਵੇ!
ਸਾਡੇ ਵਿਹੜੇ ਪੱਤਰ ਅੰਬ ਦੇ,
ਗਏ ਟੰਗ ਮਿਰਾਸੀ ਆਣ ਵੇ!
ਕਾਗਜ਼ ਦੇ ਤੋਤੇ ਲਾ ਗਏ-
ਮੇਰੀ ਅਰਥੀ ਨੂੰ ਤਰਖਾਣ ਵੇ!
ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੋਣ ਚੁਰਾਣ ਵੇ
ਸਾਡੇ ਸੁੱਤੇ ਮਾਲੀ ਆਸ ਦੇ,
ਅੱਜ ਕੋਰੀ ਚਾਦਰ ਤਾਣ ਵੇ!
ਮੇਰੇ ਦਿਲ ਦੇ ਮਾਨ ਸਰੋਵਰਾਂ-
ਵਿਚ ਬੈਠੇ ਹੰਸ ਪਰਾਣ ਵੇ!
ਤੇਰਾ ਬਿਰਹਾ ਲਾ ਲਾ ਤੌੜੀਆਂ,
ਆਏ ਮੁੜ ਮੁੜ ਰੋਜ਼ ਉਡਾਣ ਵੇ!