ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ
ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ
ਤੇ ਕੰਨਾਂ ਵਿਚ ਕੋਕਲੇ ਹਰੇ |
ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ
ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ
ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ
ਪੈਲਾਂ ਪਾਇਣੋਂ ਮੋਰ ਵੀ ਡਰੇ |
ਕਾਲੀ ਦਾਤਰੀ.....|
ਰੰਗ ਦੀ ਪਿਆਰੀ ਤੇ ਸ਼ਰਾਬੀ ਉਹਦੀ ਟੋਰ ਨੀ
ਬਾਗਾਂ ਵਿਚੋਂ ਲੰਘਦੀ ਨੂੰ ਲੜ ਜਾਂਦੇ ਭੌਰ ਨੀ
ਉਹਦੇ ਵਾਲਾਂ ਵਿਚ ਮੱਸਿਆ ਨੂੰ ਵੇਖ ਕੇ
ਕਿੰਨੇ ਚੰਨ ਡੁੱਬ ਕੇ ਮਰੇ |
ਕਾਲੀ ਦਾਤਰੀ.....|
ਗੋਰੇ ਹੱਥੀਂ ਦਾਤਰੀ ਨੂੰ ਪਾਇਆ ਏ ਹਨੇਰ ਨੀ
ਵੱਢ ਵੱਢ ਲਾਈ ਜਾਵੇ ਕਣਕਾਂ ਦੇ ਢੇਰ ਨੀ
ਉਹਨੂੰ ਧੁੱਪ ਵਿਚ ਭਖਦੀ ਨੂੰ ਵੇਖ ਕੇ
ਬੱਦਲਾਂ ਦੇ ਨੈਣ ਨੇ ਭਰੇ |
ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ |