ਦਿਲ ਦੇ ਝੱਲੇ ਮਿਰਗ ਨੂ ਲੱਗੀ ਹੈ ਤੇਹ |
ਪਰ ਨੇ ਦਿਸਦੇ ਹਰ ਤਰਫ਼ ਵੀਰਾਂਨ ਥੇਹ |
ਕੀ ਕਰਾ ? ਕਿਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਹੇ ਦੋ ਨੈਣ ਏਹ |
ਥਲ ਹੋਏ ਦਿਲ ਚੋ ਗਮਾ ਦੇ ਕਾਫਿਲੇ ,
ਰੋਜ਼ ਲੰਗਦੇ ਨੇ ਉਡਾ ਜਾਂਦੇ ਨੇ ਖੇਹ |
ਦੁਆਰ ਦਿਲ ਦੇ ਖਾ ਗਈ ਹਠ ਦੀ ਸਿਓਂਕ ,
ਖਾ ਗਈ ਚੰਦਨ ਦੀ ਦੇਹ ਬਿਰਹੋ ਦੀ ਲੇਹ |
ਰਤਨ ਖੁਸ਼ੀਆਂ ਦੇ ਮਣਾ ਮੂੰਹ ਪੀ ਲਏ ,
ਇੱਕ ਪਰਾਗਾ ਰੋੜ ਪਰ ਹੋਏ ਨਾ ਪੀਹ |
ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ |
ਚਿਰ ਹੋਇਆ ਮੇਰੇ ਮੁਹਾਂਣੇ ਡੁਬ ਗਏ ,
ਹੁਣ ਸਹਾਰੇ ਖਿਜਰ ਦੇ ਦੀ ਲੋੜ ਕੀਹ ?
ਜਾਂਣਦੇ ਬੁਝਦੇ ਯੇਰੂ ਦੇ ਰਿਹਨੁਮਾ ,
ਚਾੜੇ ਨੇ ਬੇ-ਗੁਨਾਹ ਸੂਲੀ ਮਸੀਹ |
ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ |
ਆਖਰੀ ਫੁੱਲ ਵੀ ਸ਼ਰੀਹ ਦਾ ਡਿਗ ਪਿਆ ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ |
ਚੰਨ ਦੀ ਰੋਟੀ ਪਕਾਈ ਤਾਰਿਆਂ ,
ਬਦਲੀਆਂ ਮਰ ਜਾਣੀਆਂ ਗਈਆਂ ਲੈ ਖੋਹ |
ਗੋਦਵੀਂ ਆਸਾਂ ਦੀ ਡੋਰੀ ਟੁੱਟ ਗਈ |
ਧਾਣ ਚਿੜੀਆਂ ਠੁੰਗ ਲਏ ਥੌਥੇ ਨੇ ਤੋਹ|
ਪੈ ਗਈਆਂ ਫੁੱਲਾਂ ਦੇ ਮੂੰਹ ਤੇ ਝੁਰੜੀਆਂ ,
ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ |
ਫੂਕ ਘਤੇ ਪੱਰ ਕਿਸੇ ਅੱਜ ਮੋਰ ਦੇ ,
ਹਫ਼ ਗਏ ਕਿੱਸੇ ਭੌਰ ਦੇ ਉੱਡ ਉੱਡ ਕੇ ਸਾਹ |
ਵਗ ਰਹੀ ਹੈ ਓਪਰੀ ਜਹੀ ਅੱਜ ਹਵਾ ,
ਲੌਂਗ ਊਸ਼ਾ ਦੇ, ਦੀ ਹੈ ਕੁਝ ਹੋਰ ਭਾਹ |
ਫੂਕ ਲੈਣੇ ਨੇ ਮੈ ਢਾਰੇ ਆਪਣੇ ,
ਭੁਲ ਜਾਣੇ ਨੇ ਮੈਂ ਆਪਣੇ ਆਪ ਰਾਹ |
ਦੂਰ ਹੋ ਕ ਬਹਿ ਦਿਲੇ ਦੀਏ ਹਸਰਤੇ ,
ਛੂਹ ਨਾ ਪੀਰਾਂ ਮਾਰੀਏ ਮੈਨੂ ਨਾ ਛੂਹ |
ਖਾਣ ਦੇ ਜਿੰਦੂ ਨੁੰ ਕੱਲਰ ਸੋਗ ਦੇ ,
ਮਹਿਕੀਆਂ ਰੋਹੀਆਂ ਦੇ ਵੱਲ ਇਹਨੂੰ ਨਾ ਧੂਹ |
ਥਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ ,
ਨਰੜ ਕੇ ਬੰਨ ਲੈ ਮੇਰੀ ਬੇ-ਚੈਨ ਰੂਹ |
ਪੀਣ ਦੇ ਆਡਾ ਨੂੰ ਪਾਣੀ ਪੀਣ ਦੇ ,
ਭਰ ਨਸਾਰਾ. ਵਹਿਣ ਦੇ ਨੈਣਾ ਦੇ ਖੂਹ |