ਸੱਖਣਾ ਕਲਬੂਤ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ
ਸੱਖਣਾ ਕਲਬੂਤ ਬਾਕੀ ਹੈ
ਤੇ ਮੇਰੇ ਘਰ ਦੀ ਹਰ ਦੀਵਾਰ ‘ਤੇ
ਛਾਈ ਉਦਾਸੀ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰਾ ਘਰ ਉਹਦੇ ਤੁਰ ਜਾਣ ਪਿੱਛੋਂ
ਝੁਰ ਰਿਹਾ ਹੈ।
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ
ਘਰ ਪਰਤਦਾ ਸੀ
ਤੇ ਸੂਰਜ ਹੁੰਦਿਆਂ ਉਹ
ਘਰ ਦਿਆਂ ਭਿੱਤਾਂ ਤੋਂ ਡਰਦਾ ਸੀ
ਉਹ ਕਿਹੜੇ ਹਿਰਨ ਲੰਙੇ ਕਰ ਰਿਹਾ ਸੀ
ਕੁਝ ਨਾ ਦੱਸਦਾ ਸੀ
ਤੇ ਦਿਨ ਭਰ ਆਪਣੇ
ਪਰਛਾਵਿਆਂ ਪਿੱਛੇ ਹੀ ਨੱਸਦਾ ਸੀ
ਮੈਨੂੰ ਉਹਦੀ ਦੇਵਦਾਸੀ ਭਟਕਣਾ
ਅਕਸਰ ਡਰਾਂਦੀ ਸੀ
ਤੇ ਉਹਦੀ ਅੱਖ ਦੀ ਵਹਿਸ਼ਤ
ਜਿਵੇਂ ਸ਼ੀਸ਼ੇ ਨੂੰ ਖਾਂਦੀ ਸੀ
ਤੇ ਉਹਦੀ ਚੁੱਪ
ਬੁੱਢੇ ਘਰ ਦੇ ਹੁਣ ਜਾਲੇ ਹਿਲਾਂਦੀ ਸੀ
ਮੈਂ ਇਕ ਦਿਨ ਧੁੱਪ ਵਿਚ
ਉਹ ਘਰ ਦੀਆਂ ਕੰਧਾਂ ਵਿਖਾ ਬੈਠਾ
ਉਹ ਧੁੱਪ ਵਿਚ ਰੋਂਦੀਆਂ ਕੰਧਾਂ ਦੀ ਗੱਲ
ਸੀਨੇ ਨੂੰ ਲਾ ਬੈਠਾ
ਮੈਂ ਐਵੇਂ ਭੁੱਲ ਕੰਧਾਂ ਦੀ ਗੱਲ
ਉਸ ਨੂੰ ਸੁਣਾ ਬੈਠਾ
ਤੇ ਉਹਦਾ ਸਾਥ ਕੰਧਾਂ ਤੋਂ
ਹਮੇਸ਼ਾ ਲਈ ਗਵਾ ਬੈਠਾ
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ
ਹਰ ਖੂੰਜ ਵਿਚ ਫਿਰਿਆ
ਤੇ ਗਰ ਵਿਚ ਖੰਘ ਰਹੀਆਂ
ਬੀਮਾਰ ਸਭ ਇੱਟਾਂ ਦੇ ਗਲੀਂ ਮਿਲਿਆ
ਤੇ ਉਸ ਮਨਹੂਸ ਦਿਨ ਪਿੱਛੋਂ
ਕਦੇ ਉਹ ਘਰ ਨਾ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ‘ਤੇ ਕੋਈ
ਖੁਦਕੁਸ਼ੀ ਕਰਦੈ
ਜਾਂ ਟੋਲਾ ਭਿਕਸੂਆਂ ਦਾ
ਸਿਰ ਮੁਨਾਈ ਸ਼ਹਿਰ ਵਿਚ ਚਲਦੈ
ਜਾਂ ਨਕਸਲਬਾੜੀਆ ਕੋਈ
ਕਿਸੇ ਨੂੰ ਕਤਲ ਜਦ ਕਰਦੈ
ਤਾਂ ਮੇਰੇ ਘਰ ਦੀਆਂ ਕੰਧਾਂ ਨੂੰ
ਉਸ ਪਲ ਤਾਪ ਆ ਚੜ੍ਹਦੈ
ਤੇ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਦਾ ਬਦਨ ਠਰਦੈ
ਇਹ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਨੂੰ ਭਰੋਸਾ ਹੈ
ਉਹ ਜਿਥੇ ਵੀ ਹੈ ਜਿਹੜੇ ਹਾਲ ਵਿਚ ਹੈ
ਉਹ ਬੇਦੋਸ਼ਾ ਹੈ
ਉਹਨੂੰ ਘਰ ‘ਤੇ ਨਹੀਂ
ਘਰ ਦੀਆਂ ਕੰਧਾਂ ‘ਤੇ ਰੋਸਾ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ
ਬਾਕੀ ਹੈ
ਜੋ ਬੁੱਢੇ ਘਰ ਦੀਆਂ
ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ।