ਹਾਂ, ਮੈਂ '84 ਭੁੱਲਣ ਨੂੰ ਤਿਆਰ ਹਾਂ
ਕੀ ਤੁਸੀਂ ਤਿਆਰ ਹੋ ਮੈਨੂੰ '84 ਭੁਲਾਉਣ ਲਈ?
ਤੁਸੀਂ ਵੱਡਿਆਂ ਦਿਲਾਂ ਵਾਲੇ
ਤਰਕ ਵਾਲੇ, ਦਲੀਲਾਂ ਵਾਲੇ
ਦੇਸ਼ ਭਗਤ, ਅਮਨ ਪਸੰਦ, ਇਨਸਾਫ਼ ਪਸੰਦ,
ਸ਼ਾਂਤੀ ਦੇ ਪੁਜਾਰੀਉ! ਪਰਉਪਕਾਰੀਉ!
ਮੈਂ '84 ਭੁੱਲਣ ਨੂੰ ਤਿਆਰ ਹਾਂ
ਪਰ ਗੱਲ ਫੇਰ ਤੁਹਾਡੇ 'ਤੇ ਮੁੱਕਣੀ ਜੇ
ਕੀ ਤੁਸੀਂ ਤਿਆਰ ਹੋ
ਮੈਨੂੰ '84 ਭੁਲਾਉਣ ਲਈ?
ਜਿਹੜੇ ਕਹਿੰਦੇ ਨੇ, 28 ਸਾਲ ਹੋ ਗਏ
29ਵਾਂ ਚੜ੍ਹ ਗਿਐ, ਹੁਣ ਤਾਂ ਭੁੱਲ ਜਾਉ
ਉਹ ਆਪ ਭੁੱਲ ਜਾਂਦੇ ਨੇ
ਕਿ 28 ਸਾਲ ਹੋ ਗਏ
29ਵਾਂ ਚੜ੍ਹ ਗਿਐ
ਇਨਸਾਫ਼ ਦੀ ਉਡੀਕ ਵਿਚ
ਜਿਹੜੇ ਕਹਿੰਦੇ ਨੇ 28 ਸਾਲ ਹੋ ਗਏ
ਹੁਣ ਤਾਂ ਭੁੱਲ ਜਾਉ
ਉਨ੍ਹਾਂ ਤੋਂ ਹੀ ਤਾਂ ਮੰਗਦੇ ਹਾਂ ਇਨਸਾਫ਼
ਉਹ ਭਾਵੇਂ ਕੋਈ ਜਾਬਰ ਲੀਡਰ ਹੋਵੇ
ਉਹਦੇ ਹਮਾਇਤੀ
ਜਾਂ ਫ਼ਿਰ ਆਪਣਾ ਮਨਮੋਹਨ ਸਿੰਘ
ਜਾਂ ਕੋਈ ਉਹ
ਜਿਨ੍ਹਾਂ ਨੂੰ ਲੱਗਦੈ ਕਿ '84
ਕਿਸੇ ਹਾਲਾਤ ਦੀ ਕਰਾਮਾਤ ਸੀ
ਕੋਈ ਛੋਟੀ ਮੋਟੀ ਵਾਰਦਾਤ ਸੀ
ਉਨ੍ਹਾਂ ਤੋਂ ਹੀ ਤਾਂ ਭਾਲਦੇ ਹਾਂ ਇਨਸਾਫ਼
ਜਿਸਨੇ ਗਾਂਧੀ ਨੂੰ ਗੋਲੀ ਮਾਰੀ
ਜਿਸਨੇ ਰਾਜੀਵ ਨੂੰ ਬੰਬ ਨਾਲ ਉਡਾਇਆ
ਉਨ੍ਹਾਂ ਦੀ ਕੌਮ ਨੂੰ ਤਾਂ ਕਿਸੇ
ਦੋਸ਼ੀ ਨਾ ਆਖਿਆ
ਉਨ੍ਹਾਂ ਨੂੰ ਤਾਂ ਕਿਸੇ ਨਾ ਕੋਹਿਆ
ਉਨ੍ਹਾਂ ਨੂੰ ਤਾਂ ਕਿਸੇ ਨਾ ਸਾੜਿਆ
ਉਨ੍ਹਾਂ ਨੂੰ ਤਾਂ ਕਿਸੇ ਨਾ ਮਾਰਿਆ
ਇਹ ਪਤਾ ਹੋਣ ਦੇ ਬਾਵਜੂਦ
ਮੈਂ ਤਿਆਰ ਜੇ, '84 ਭੁਲਾਉਣ ਲਈ
ਤੇ ਇਹ ਕਿੱਧਰ ਦਾ ਇਨਸਾਫ਼ ਏ
ਕਿ ਅਸੀਂ ਇਨਸਾਫ਼ ਮੰਗਣ ਕਰਕੇ ਹੀ
ਹੋ ਗਏ ਹਿੰਸਕ,
ਅੱਤਵਾਦੀ ਤੇ ਵੱਖਵਾਦੀ,
ਦੇਸ਼ਧਰੋਹੀ
ਇਹ ਸਭ ਬਿੱਲੇ, ਇਹ ਸਭ ਲੇਬਲ
ਬਣਾਉਣ ਵਾਲੇ ਵੀ ਤੁਸੀਂ,
ਛਾਪਣ ਵਾਲੇ ਵੀ ਤੁਸੀਂ
ਲਾਉਣ ਵਾਲੇ ਵੀ ਤੁਸੀਂ
ਤੇ ਲਾਈ ਤੁਰੀ ਜਾਂਦੇ ਹੋ
ਇਨਸਾਫ਼ ਮੰਗਣ ਵਾਲਿਆਂ ਦੀਆਂ
ਹਿੱਕਾਂ 'ਤੇ, ਮੱਥਿਆਂ 'ਤੇ
ਫ਼ਿਰ ਵੀ ਜੇ ਮੈਨੂੰ ਪੁੱਛੋ
ਮੈਂ ਤਾਂ ਤਿਆਰ ਹਾਂ
'84 ਭੁੱਲ ਜਾਣ ਨੂੰ
ਜਿਹੜੇ ਆਖ਼ਦੇ ਨੇ
ਭੁੱਲ ਜਾਉ
ਗਲਾਂ ਵਿਚ ਟਾਇਰ ਪਾ ਕੇ
ਸਾੜਿਆਂ ਨੂੰ
ਭਜਾ ਭਜਾ ਕੇ, ਕੋਹ ਕੋਹ ਕੇ
ਮਾਰਿਆਂ ਨੂੰ
ਉਨ੍ਹਾਂ ਖੌਫ਼ਨਾਕ ਕਾਰਿਆਂ ਨੂੰ
ਜਿਹੜੇ ਲਿਖ਼ਣ ਲੱਗਿਆਂ
ਕਾਗਜ਼ ਜ਼ਾਰੋ ਜ਼ਾਰ ਕੁਰਲਾਉਂਦੈ
ਕਲਮਾਂ ਦੇ ਹੰਝੂ ਨਹੀਂ ਮੁੱਕਦੇ
ਜਿਹੜੇ ਕਦੇ ਲਿਖ਼ੇ ਹੀ ਨਹੀਂ ਜਾਣੇ
ਕਿਸੇ ਇਤਿਹਾਸਕਾਰ ਤੋਂ
ਕਿਸੇ ਸਾਹਿਤਕਾਰ ਤੋਂ
ਜਿਹੜੇ ਗਾਏ ਨਹੀਂ ਜਾਣੇ
ਕਿਸੇ ਵੀ ਗਾਇਕ ਤੋਂ
ਕਿਰਦਾਰ ਜੋ ਨਿਭਾਏ ਨਹੀਂ ਜਾਣੇ
ਕਿਸੇ ਨਾਇਕ ਤੋਂ, ਕਿਸੇ ਖ਼ਲਨਾਇਕ ਤੋਂ
ਜਿਸ 'ਤੇ ਬਣ ਨਹੀਂ ਸਕਣਾ
ਕੋਈ ਸੀਰੀਅਲ, ਕੋਈ ਫ਼ਿਲਮ
ਕਿਉਂਕਿ ਛੋਟੇ ਪਰਦੇ ਦਾ ਤਾਂ
ਇੰਨਾ ਜਿਗਰਾ ਹੀ ਨਹੀਂ ਹੋਣਾ
ਵੱਡੇ ਪਰਦੇ ਦਾ ਵੀ
ਸੀਨਾ ਫ਼ਟ ਜਾਵੇਗਾ
ਇੰਨਾ ਦਰਦ ਵੇਖ਼ ਕੇ
ਇੰਨੀ ਦਹਿਸ਼ਤ ਵੇਖ਼ ਕੇ
ਇੰਨੀ ਵਹਿਸ਼ਤ ਵੇਖ਼ ਕੇ
ਜਿਹੜੇ ਕਹਿੰਦੇ ਨੇ
ਭੁੱਲ ਜਾਉ ਇਹ ਸਭ
ਬਿਨਾਂ ਇਨਸਾਫ਼ ਲਿਆਂ
ਉਨ੍ਹਾਂ ਨੂੰ ਕਹਿਣਾ
ਮੈਂ ਭੁੱਲਣ ਨੂੰ ਤਿਆਰ ਹਾਂ
ਹਾਂ, ਮੈਂ ਤਿਆਰ ਹਾਂ
'84 ਭੁੱਲ ਜਾਣ ਨੂੰ
ਉਨ੍ਹਾਂ ਨੂੰ ਮਨਾ ਲਉ
ਤੁਸੀਂ ਖੱਟ ਲਉ ਇਹ ਪੁੰਨ
ਤੁਸੀਂ ਕਰੋ ਵਿਚੋਲਗੀ
ਉਨ੍ਹਾਂ ਨੂੰ ਮਨਾ ਲਉ
ਮੈਂ ਤਿਆਰ ਹਾਂ
'84 ਭੁੱਲ ਜਾਣ ਲਈ
ਮਨਾ ਲਉ ਉਨ੍ਹਾਂ ਨੂੰ
ਮੇਰੀ ਤਾਂ ਬਸ
ਇਕ ਛੋਟੀ ਜਿਹੀ ਮੰਗ ਏ
'84 'ਚ ਤਾਂ
ਚਿੱਟੇ ਜਿਹੇ ਪਾਊਡਰ ਨਾਲ
ਅੱਗਾਂ ਲਾਈਆਂ ਸਨ
ਚੁਣ ਚੁਣ ਕੇ
ਤੜਫ਼ਾ ਤੜਫ਼ਾ ਕੇ ਮੁਕਾਇਆ ਸੀ
ਬੇਦੋਸ਼ੇ ਰੋਏ ਸਨ, ਕੁਰਲਾਏ ਸਨ
ਅੱਗਾਂ ਲਾ ਕੇ ਸਿੱਖ ਨਚਾਏ ਸਨ, ਮਚਾਏ ਸਨ
ਮੈਂ ਫ਼ਿਰ ਵੀ ਤਿਆਰ ਹਾਂ
'84 ਭੁੱਲ ਜਾਣ ਨੂੰ
ਮੇਰੀ ਤਾਂ ਸ਼ਰਤ ਹੀ ਬੜੀ ਛੋਟੀ ਏ
ਆਉ ਫ਼ਿਰ ਗੱਲ ਮੁਕਾਈਏ
ਆਉ ਫ਼ਿਰ '84 ਭੁਲਾਈਏ
ਬੁਲਾਉ ਫ਼ਿਰ ਉਨ੍ਹਾਂ ਨੂੰ
ਜਿਹੜੇ ਆਖ਼ਦੇ ਨੇ ਭੁੱਲ ਜਾਉ '84
ਪੰਜਾਂ ਮਿੰਟਾਂ ਦੀ ਗੱਲ ਏ
ਉਨ੍ਹਾਂ ਨੂੰ ਬੁਲਾਉ
ਆਉ ਬਈ ਆਉ
ਕੌਣ ਕੌਣ ਕਹਿੰਦੈ
ਭੁੱਲ ਜਾਉ '੮੪
ਇਨਸਾਫ਼ ਤਾਂ ਨਸੀਬ ਨਾ ਹੋਇਆ
ਬੇਦੋਸ਼ਿਆਂ ਦੀ ਯਾਦ 'ਚ
ਸਾਲਾਂ ਸਾਲ ਮੋਮਬੱਤੀਆਂ ਬਾਲੀਆਂ ਨੇ
ਆਉ ਤੁਹਾਡੇ ਲਈ ਇਕ ਮੋਮਬੱਤੀ ਬਾਲਾਂਗੇ
ਤੁਸੀਂ ਆਪਣੇ ਹੱਥ ਦੀ ਤਲੀ ਨੂੰ
ਪੰਜਾਂ ਮਿੰਟਾਂ ਲਈ ਰੱਖੀਉ
ਮੋਮਬੱਤੀ ਦੀ ਲਾਟ 'ਤੇ
ਪੰਜਾਂ ਮਿੰਟਾਂ ਬਾਅਦ
ਸਾਂਭ ਲਵਾਂਗੇ ਤੁਹਾਨੂੰ
ਕੋਲ ਹੀ ਹੋਵੇਗਾ ਡਾਕਟਰ
ਸਭ ਠੀਕ ਹੋ ਜਾਵੇਗਾ
ਇਹ ਤਾਂ ਛੋਟੀ ਜਿਹੀ ਗੱਲ ਹੈ
ਇਹਦੇ ਵਿਚ ਨਾ ਕਿਸੇ ਨੇ
ਪੁੱਤ ਗੁਆਉਣੈ
ਨਾ ਕਿਸੇ ਵਿਧਵਾ ਹੋਣੈ
ਨਾ ਕਿਸੇ ਦਾ ਭਰਾ ਵਿੱਛੜਣੈ
ਨਾ ਕਿਸੇ ਅਨਾਥ ਹੋਣੈ
ਇਹ ਕੋਈ ਦਹਾਕਿਆਂ ਦਾ ਰੋਣਾ ਨਹੀਂ
ਇਹ ਕੋਈ ਉਮਰਾਂ ਦਾ ਦੁੱਖ ਨਹੀਂ
ਪੰਜਾਂ ਮਿੰਟਾਂ ਬਾਅਦ ਸਾਂਭ ਲਵਾਂਗੇ
ਸਭ ਠੀਕ ਹੋ ਜਾਵੇਗਾ
ਕੁਝ ਹੀ ਦਿਨਾਂ ਵਿਚ
ਤੇ ਇਸ ਮਗਰੋਂ
ਤੁਸੀਂ ਕਹਿ ਦੇਣਾ
ਮੈਂ ਇਹ ਜ਼ਖ਼ਮ ਭੁੱਲ ਗਿਆ
ਮੈਂ ਇਹ ਪੀੜ ਭੁੱਲ ਗਿਆ
ਕੋਈ ਦਰਦ ਨਹੀਂ, ਕੋਈ ਪੀੜ ਨਹੀਂ
ਕਹਿ ਦੇਣਾ ਮੈਂ ਭੁੱਲ ਗਿਆ
ਕਿਸ ਨੇ ਦਰਦ ਦਿੱਤਾ ਸੀ
ਕਹਿ ਦੇਣਾ ਮੈਂ ਭੁੱਲ ਗਿਆ
ਜੋ ਹੋ ਗਿਆ, ਸੋ ਹੋ ਗਿਆ
ਕਹਿ ਦੇਣਾ
ਕਿਸੇ ਇਨਸਾਫ਼ ਦੀ ਲੋੜ ਨਹੀਂ
'ਤੇ ਫ਼ਿਰ
ਇਕ ਸਾਲ, ਦੋ ਸਾਲ,
ਦੱਸ ਸਾਲ, ਵੀਹ ਸਾਲ, ਅਠਾਈ ਸਾਲ
ਇਨਸਾਫ਼ ਦੇ ਮੰਦਿਰਾਂ ਦੇ ਬਾਹਰ
ਰੁਲਣ ਮਗਰੋਂ
ਆਖ਼ ਦੇਣਾ
ਹੁਣ ਤਾਂ 28 ਸਾਲ ਹੋ ਗਏ
29ਵਾਂ ਚੜ੍ਹ ਗਿਐ
ਹੁਣ ਇਨਸਾਫ਼ ਕੀ ਕਰਣੈ?
ਹੁਣ ਇਨਸਾਫ਼ ਕਿਉਂ ਮੰਗਣੈ?
ਤੇ ਇੱਡਾ ਗੰਭੀਰ ਮਸਲਾ
ਜਿਹੜਾ ਤੁਸੀਂ ਕਹਿੰਦੇ ਹੋ
ਭੁੱਲ ਜਾਉ, ਮੈਂ ਭੁੱਲ ਜਾਵਾਂਗਾ
ਮੈਂ ਭੁੱਲ ਜਾਵਾਂਗਾ '84
ਇਦੂੰ ਸਸਤਾ ਕਿਹੜਾ ਸੌਦਾ ਜੇ
ਇਦੂੰ ਵਧੀਆ ਕਿਹੜਾ ਫੈਸਲਾ
ਆ ਜਾਉ ਬਈ ਜਿਹੜੇ
ਆਖ਼ਦੇ ਨੇ ਭੁੱਲ ਜਾਉ
ਹਾਂ, ਮੈਂ '84 ਭੁੱਲਣ ਨੂੰ ਤਿਆਰ ਹਾਂ
------------ਐੱਚ.ਐੱਸ.ਬਾਵਾ