ਗੀਤ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇ-ਆਸਰਾ
ਮੱਥੇ ‘ਤੇ ਹੋਣੀ ਲਿਖ ਗਈ
ਇਕ ਖੂਬਸੂਰਤ ਹਾਦਸਾ!
ਇਕ ਨਾਗ ਚਿੱਟੇ ਦਿਵਸ ਦਾ
ਇਕ ਨਾਗ ਕਾਲੀ ਰਾਤ ਦਾ
ਇਕ ਵਰਕ ਨੀਲਾ ਕਰ ਗਏ
ਕਿਸੇ ਗੀਤ ਦੇ ਇਤਿਹਾਸ ਦਾ!
ਸ਼ਬਦਾਂ ਦੇ ਕਾਲੇ ਥਲਾਂ ਵਿਚ
ਮੇਰਾ ਗੀਤ ਸੀ ਜਦ ਮਰ ਰਿਹਾ
ਉਹ ਗੀਤ ਤੇਰੀ ਪੈੜ ਨੂੰ
ਮੁੜ ਮੁੜ ਪਿਆ ਸੀ ਝਾਕਦਾ!
ਅੰਬਰ ਦੀ ਥਾਲੀ ਤਿੜਕ ਗਈ
ਸੁਣ ਜਿ਼ਕਰ ਮੋਏ ਗੀਤ ਦਾ
ਧਰਤੀ ਦਾ ਛੰਨਾ ਕੰਬਿਆ
ਭਰਿਆ ਹੋਇਆ ਵਿਸ਼ਵਾਸ ਦਾ!
ਜ਼ਖ਼ਮੀ ਹੈ ਪਿੰਡਾ ਸੋਚ ਦਾ
ਜ਼ਖ਼ਮੀ ਹੈ ਪਿੰਡਾ ਆਸ ਦਾ
ਅੱਜ ਫੇਰ ਮੇਰੇ ਗੀਤ ਲਈ
ਕਫ਼ਨ ਨਾ ਮੈਥੋਂ ਪਾਟਦਾ!
ਅੱਜ ਫੇਰ ਹਰ ਇਕ ਸ਼ਬਦ ਦੇ
ਨੈਣਾਂ ‘ਚ ਹੰਝੂ ਆ ਗਿਆ
ਧਰਤੀ ‘ਤੇ ਕਰਜ਼ਾ ਚੜ੍ਹ ਗਿਆ
ਮੇਰੇ ਗੀਤ ਦੀ ਇਕ ਲਾਸ਼ ਦਾ!
ਕਾਗਜ਼ ਦੀ ਨੰਗੀ ਕਬਰ ‘ਤੇ
ਇਹ ਗੀਤ ਜੋ ਅੱਜ ਸੌਂ ਗਿਆ
ਇਹ ਗੀਤ ਸਾਰੇ ਜੱਗ ਨੂੰ
ਪਾਵੇ ਵਫ਼ਾ ਦਾ ਵਾਸਤਾ!