ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ ਕੋਈ ਸੁਖਨ ਨਾ ਜਿਊ ਤੇ ਲਿਆਨਾ ਈ
ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ ਤੁਸਾਂ ਖੱਟਣਾ ਤੇ ਅਸਾਂ ਖਾਵਨਾ ਈ
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ ਸ਼ਾਮੋ ਸ਼ਾਮ ਰਾਤੀਂ ਘਰੀਂ ਆਵਨਾ ਈ
ਤੂੰ ਹੀ ਚੋਇਕੇ ਦੁੱਧ ਜਮਾਉਣ ਈ ਤੂੰ ਹੀ ਹੀਰ ਦਾ ਪਲੰਘ ਵਛਾਵਨਾ ਈ
ਕੁੜੀ ਕਲ ਦੀ ਤੇਰੇ ਤੋਂ ਰੁਸ ਬੈਠੀ ਤੂੰ ਹੀ ਓਸ ਨੂੰ ਆ ਮਨਾਵਣਾ ਈ
ਮੰਗੂ ਮਾਲ ਸਿਆਲ ਤੇ ਹੀਰ ਤੇਰੀ ਨਾਲੇ ਘੂਰਨਾ ਤੇ ਨਾਲੇ ਖਾਵਨਾ ਈ
ਮੰਗੂ ਛੇੜ ਕੇ ਝਲ ਵਿੱਚ ਮੀਆਂ ਵਾਰਸ ਅਸਾਂ ਤਖਤ ਹਜ਼ਾਰੇ ਨੂੰ ਜਾਵਨਾ ਈ