ਰਾਂਝੇ ਆਖਿਆ ਆ ਖਾਂ ਬੈਠ ਹੀਰੇ ਕੋਈ ਖੂਬ ਤਦਬੀਰ ਬਣਾਈਏ ਨੀ
ਤੇਰੇ ਮਾਂ ਤੇ ਬਾਪ ਦਿਲਗੀਰ ਹੋਦੇ ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਨੀ
ਮਿੱਠੀ ਨੈਣ ਨੂੰ ਸਦ ਕੇ ਬਾਤ ਗਿਣੀਏ ਜੇ ਤੂੰ ਕਹੇਂ ਤੇਰੇ ਘਰ ਆਈਏ ਨੀ
ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਨੀ
ਦਿਨੇ ਰਾਤ ਤੇਰੇ ਘਰ ਮੇਲ ਸਾਡਾ ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਨੀ
ਹੀਰ ਪੰਜ ਮੁਹਰਾਂ ਦਿੱਤੀਆਂ ਨੇ ਜੀਵੇਂ ਮਿਠੀਅਏ ਡੌਲ ਪਕਾਈਏ ਨੀ
ਕੁੜੀਆਂ ਨਾਲ ਨਾ ਖੋਲਣਾ ਭੇਦ ਮੂਲੇ ਸਭਾ ਜਿਉ ਦੇ ਵਿੱਚ ਲੁਕਾਈਏ ਨੀ
ਵਾਰਸ ਸ਼ਾਹ ਛੁਪਾਈਏ ਖਲਕ ਕੋਲੋਂ ਭਾਵੇ ਆਪਣਾ ਹੀ ਗੁੜ ਖਾਈਏ ਨੀ