ਹੀਰ ਆਖਦੀ ਰਾਂਝਿਆ ਕਹਿਰ ਹੋਇਆ ਏਥੋਂ ਉੱਠ ਕੇ ਚੱਲ ਜੇ ਚੱਲਨਾ ਈ
ਦੋਨੋਂ ਉੱਠ ਕੇ ਲੰਮੜੇ ਰਾਹ ਪੇਈਏ ਕੋਈ ਅਸਾਂ ਨੇ ਦੇਸ ਨਾ ਮੱਲਣਾ ਈ
ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ
ਮਾਂ ਬਾਪ ਨੇ ਜਦੋਂ ਵਿਆਹ ਟੋਰੀ ਕੋਈ ਅਸਾਂ ਦਾ ਵੱਸ ਨਾ ਚੱਲਣਾ ਈ
ਅਸੀਂ ਇਸ਼ਕੇ ਦੇ ਆਨ ਮੈਦਾਨ ਰੁਧੇ ਬੁਰਾ ਸੂਰਮੇ ਨੂੰ ਰਣੋਂ ਹੱਲਣਾ ਈ
ਵਾਰਸ ਸ਼ਾਹ ਜੇ ਅਨਕ ਫਰਾਕ ਛੁੱਟੇ ਇਹ ਕਟਕ ਫਿਰ ਆਖ ਕਿਸ ਝੱਲਣਾ ਈ