ਘਰ ਖੇੜਿਆਂ ਦੇ ਜਦੋਂ ਹੀਰ ਆਈ ਚੁਕ ਗਏ ਤਗਾਦੜੇ ਅਤੇ ਝੇੜੇ
ਵਿੱਚ ਸਿਆਲਾਂ ਦੇ ਚੁਪ ਚਣਕ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸਭ ਖੇੜੇ
ਫੌਜਦਾਰ ਤਗੱਈਅਰ ਹੋ ਆਣ ਬੈਠਾ ਕੋਈ ਓਸ ਦੇ ਪਾਸ ਨਾ ਪਾਏ ਫੇਰੇ
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ
ਚਿੱਠੀ ਲਿਖ ਕੇ ਹੀਰ ਦੀ ਉਜ਼ਰ ਖ਼ਾਹੀ ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ
ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ ਸਾਡੇ ਅੱਲੜੇ ਘਾ ਸਨ ਤੂੰ ਉਚੇੜੇ
ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ ਲਟਕੰਦੜਾ ਘਰੀਂ ਤੂੰ ਪਾ ਫੇਰੇ
ਜਿਹੜੇ ਫੁਲ ਦਾ ਨਿੱਤ ਤੂੰ ਰਹੇਂ ਰਾਖਾ ਓਸ ਫੁਲ ਨੂੰ ਤੋੜ ਲੈ ਗਏ ਖੇੜੇ
ਜੈਂਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ
ਕੋਈ ਨਹੀਂ ਵਸਾਹ ਕੰਵਾਰੀਆਂ ਦਾ ਐਵੇਂ ਲੋਕ ਨਿਕੰਮੜੇ ਕਰਨ ਝੇੜੇ
ਤੂੰ ਤਾਂ ਮਿਹਨਤਾਂ ਸੈਂ ਦਿੰਹੁ ਰਾਤ ਕਰਦਾ ਵੇਖ ਕੁਦਰਤਾਂ ਰੱਬ ਦੀਆਂ ਕੌਣ ਫੇਰੇ
ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ ਖੁੱਸ ਜਾਣ ਜਾਂ ਖੱਪਰਾਂ ਮੂੰਹੋਂ ਹੇੜੇ
ਕਲਸ ਜ਼ਰੀ ਦਾ ਚਾੜ੍ਹੀਏ ਜਾ ਰੋਜ਼ੇ ਜਿਸ ਵੇਲੜੇ ਆਣ ਕੇ ਵੜੇਂ ਵਿਹੜੇ
ਵਾਰਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ ਖੁਆਜਾ ਖਿਜ਼ਰ ਚਰਾਜ਼ ਦੇ ਲਏ ਪੇੜੇ