ਦਿੱਤੀ ਹੀਰ ਲਖਾਇਕੇ ਇਹ ਚਿੱਠੀ ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ
ਕਿਤੇ ਬੈਠ ਨਵੇਕਲਾ ਸੱਦ ਮੁੱਲਾ ਸਾਰੀ ਖੋਲ ਕੇ ਬਾਤ ਸੁਣਾ ਦੇਣੀ
ਹੱਥ ਬੰਨ੍ਹ ਕੇ ਮੇਰਿਆਂ ਸੱਜਨਾਂ ਨੂੰ ਰੋ ਰੋ ਸਲਾਮ ਦੁਆ ਦੋਣੀ
ਮਰ ਚੁੱਕੀਆਂ ਜਾਨ ਹੈ ਨੱਕ ਉਤੇ ਹਿੱਕ ਵਾਰ ਜੇ ਦੀਦਣਾ ਆ ਦੇਣੀ
ਖੇੜੇ ਹੱਥ ਨਾ ਲਾਂਵਦੇ ਮੰਜੜੀ ਨੂੰ ਹੱਥ ਲਾਇਕੇ ਗੋਰ ਵਿੱਚ ਪਾ ਦੇਣੀ
ਕੱਖ ਹੋ ਰਹੀਆਂ ਗਮਾਂ ਨਾਲ ਰਾਂਝਾ ਏਹ ਚਿੰਣਗ ਲੈ ਜਾਇਕੇ ਲਾ ਦੇਣੀ
ਮੇਰਾ ਯਾਰ ਹੈਂ ਤਾਂ ਮੈਥੇ ਪਹੁੰਚ ਮੀਆਂ ਕੰਨ ਰਾਂਝੇ ਦੇ ਏਤਨੀ ਪਾ ਦੇਣੀ
ਮੇਰੀ ਲਈਂ ਨਿਸ਼ਾਨੜੀ ਬਾਂਕ ਛੱਲਾ ਰਾਂਝੇ ਯਾਰ ਦੇ ਹੱਥ ਲਿਜਾ ਦੇਣੀ
ਵਾਰਸ ਸ਼ਾਹ ਮੀਆਂ ਓਸ ਕਮਲੜੇ ਨੂੰ ਢੰਗ ਜ਼ੁਲਫ ਜ਼ੰਜੀਰ ਦੀ ਪਾ ਦੇਣੀ