ਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ ਨੱਢੀ ਮੋਈ ਹੈ ਨੱਕ ਤੋਂ ਜਾਨ ਆਈ
ਕੋਈ ਪਾ ਭੁਲਾਵੜਾ ਠਗਿਉਈ ਸਿਰ ਘਤਿਉ ਚਾ ਮਸਾਨ ਮੀਆਂ
ਤੇਰੇ ਵਾਸਤੇ ਰਾਤ ਨੂੰ ਗਏ ਤਾਰੇ ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ
ਇੱਕ ਘੜੀ ਆਰਾਮ ਨਾ ਆਵੰਦਾ ਈ ਕੇਹਾ ਠੋਕਿਉ ਪ੍ਰੇਮ ਦਾ ਬਾਣ ਮੀਆਂ
ਤੇਰਾ ਨਾਂਉਂ ਲੈ ਕੇ ਨੱਢੀ ਜਿਉਂਦੀ ਹੈ ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ
ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ ਓਥੇ ਨਿੱਤ ਪੌਂਦੇ ਘਮਸਾਣ ਮੀਆਂ
ਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ ਰਹੇ ਲੋਗ ਬਹੁਤੇਰੜਾ ਰਾਨ ਮੀਆਂ
ਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ ਮੌਜਾਂ ਨਾਲ ਤੂੰ ਨੱਢੜੀ ਮਾਣ ਮੀਆਂ
ਵਾਰਸ ਸ਼ਾਹ ਮੀਆਂ ਸਭੋ ਕੰਮ ਹੁੰਦੇ ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ