ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ ਜਰਮ ਗਾਲ਼ੀਏ ਤਾਂ ਓਥੇ ਜਾ ਲਈਏ
ਉਹ ਰੱਬ ਦੇ ਨੂਰ ਦਾ ਖਵਾਨ ਯਜ਼ਮਾ ਸ਼ੁਹਦੇ ਹੋਇਕੇ ਜਰਮ ਵਟਾ ਲਈਏ
ਇੱਕ ਹੋਵਨਾ ਰਹਿਆ ਫਕੀਰ ਮੈਥੋਂ ਰਹਿਆ ਏਤਨੇ ਵੱਸ ਸੋ ਲਾ ਲਈਏ
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਖ਼ਾਕ ਦੇ ਵਿੱਚ ਰਲਾ ਲਈਏ
ਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ ਚੇਲੇ ਹੋਇਕੇ ਕੰਨ ਪੜਵਾ ਲਈਏ
ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿਣਗ ਲਾ ਲਈਏ
ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ
ਓਥੇ ਖੁਦੀ ਗੁਮਾਨ ਮਨਜ਼ੂਰ ਨਾਹੀਂ ਸਿਰ ਵੇਚੀਏ ਤਾਂ ਭੇਤ ਪਾ ਲਈਏ
ਵਾਰਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ