ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਫਕੀਰ ਸਾਈ
ਤੇਰੇ ਦਰਸ ਦੀਦਾਰ ਦੇ ਦੇਖਨੇ ਨੂੰ ਆਇਆ ਦੇਸ ਪਰਦੇਸ ਮੈਂ ਚੀਰ ਸਾਈ
ਸਿਦਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫਕਰ ਓਸ ਦੇ ਹੈਨ ਵਜ਼ੀਰ ਸਾਈ
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ ਦੁੱਧ ਬਾਝ ਨਾ ਹੋਵੇ ਹੈ ਖੀਰ ਸਾਈਂ
ਯਾਦ ਹੱਕ ਦੀ ਸਬਰ ਤਸਲੀਮ ਨਿਹਚਾ ਤੁਸਾਂ ਜੱਗ ਦੇ ਨਾਲ ਕੀ ਸੀਰ ਸਾਈਂ
ਫਕਰ ਕੁਲ ਜਹਾਨ ਦਾ ਆਸਰਾ ਹੈ ਤਾਬਿਹ ਫਕਰ ਦੀ ਪੀਰ ਤੇ ਮੀਰ ਸਾਈਂ
ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ
ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ
ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ