ਨਾਥ ਮੀਟ ਅੱਖਾਂ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ
ਦਰਗਾਹ ਲਾਉਬਾਲੀ ਹੈ ਹੱਕ ਵਾਲੀ ਓਥੇ ਆਦਮੀ ਬੋਲਦਾ ਹੰਗਦਾ ਜੀ
ਜ਼ਮੀਂ ਅਤੇ ਆਸਮਾਨ ਦਾ ਵਾਰਸ਼ੀ ਤੂੰ ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ
ਰਾਝਾ ਜੱਟ ਫਕੀਰ ਹੋ ਆਨ ਬੈਠਾ ਲਾਹ ਆਸਰਾ ਨਾਮ ਤੇ ਨੰਗ ਦਾ ਜੀ
ਸਭ ਛੱਡੀਆਂ ਬੁਰਆਈਆਂ ਬੰਨ੍ਹ ਤਕਵਾ ਲਾਹ ਆਸਰਾ ਸਾਕ ਤੇ ਅੰਗ ਦਾ ਜੀ
ਮਾਰ ਹੀਰ ਦੇ ਨੈਨਾ ਨੇ ਖੁਆਰ ਕੀਤਾ ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ
ਏਸ ਇਸ਼ਕ ਨੇ ਮਾਰ ਹੈਰਾਨ ਕੀਤਾ ਸੜ ਗਿਆ ਜਿਉਂ ਅੰਗ ਪਤੰਗ ਦਾ ਜੀ
ਕੰਨ ਪਾੜ ਮਨਾਇਕੇ ਸੀਸ ਦਾੜ੍ਹੀ ਪੀਏ ਬਹਿ ਪਿਆਲੜਾ ਭੰਗ ਦਾ ਜੀ
ਜੋਗੀ ਹੋ ਕੇ ਦੇਸ ਤਿਆਗ ਆਇਆ ਰਿਜ਼ਕ ਦੂਰ ਹੈ ਕੂੰਜ ਕਲੰਗ ਦਾ ਜੀ
ਤੁਸੀਂ ਰੱਬ ਜ਼ਰੀਬ ਨਵਾਜ਼ ਸਾਹਬ ਸਵਾਲ ਸੁਣਨਾ ਏਸ ਮਲੰਗ ਦਾ ਜੀ
ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ ਰਾਂਝਾ ਹੋ ਜੋਗੀ ਹੀਰ ਮੰਗਦਾ ਜੀ
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ ਦੋਵੇ ਫਕਰ ਨੂੰ ਚਰਮ ਪਲੰਗ ਦਾ ਜੀ
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ
ਵਾਰਸ ਸ਼ਾਹ ਹੁਣ ਜਿਨ੍ਹਾਂ ਨੂੰ ਰੱਬ ਬਖਸ਼ੇ ਤਿਨ੍ਹਾਂ ਨਾਲ ਕੀ ਮਕਿਮਾ ਜੰਗ ਦਾ ਜੀ