ਜਦੋਂ ਰੰਗਪੁਰ ਦੀ ਜੂਹ ਜਾ ਵੜਿਆ ਭੇਡਾਂ ਚਾਰੇ ਇਆਲੀ ਵਿੱਚ ਹਾਰ ਦੇ ਜੀ
ਨੇੜੇ ਆਇਕੇ ਜੋਗੀ ਨੂੰ ਦੇਖਦਾ ਹੈ ਜਿਵੇਂ ਨੈਣ ਦੇਖਣ ਨੈਣ ਯਾਰ ਦੇ ਜੀ
ਛਿਨ ਚੋਰ ਦਾ ਚੁਜ਼ਲ ਦੀ ਜੀਭ ਵਾਂਗੂੰ ਗੁਝੇ ਰਹਿਨ ਨਾ ਦੀਦੜੇ ਯਾਰ ਦੇ ਜੀ
ਚੋਰ ਯਾਰ ਤੇ ਠੱਗ ਨਾ ਰਹਿਨ ਗੁੱਝੇ ਕਿੱਥੇ ਛਪਦੇ ਆਦਮੀ ਕਾਰ ਦੇ ਜੀ
ਤੁਸੀਂ ਕਿਹੜੇ ਦੇਸ ਦੇ ਫਕਰ ਸਾਈਂ ਸੁਖ਼ਨ ਦੱਸਖਾਂ ਕੋਲ ਨਿਰਵਾਰਦੇ ਜੀ
ਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨ ਦੇ ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ
ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ ਮਿਲਨ ਵਾਲਿਆਂ ਦੀ ਕੁਲ ਤਾਰਦੇ ਜੀ
ਵਾਰਸ ਸ਼ਾਹ ਮੀਆਂ ਚਾਰੇ ਚਕ ਭੌਦੇ ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ