ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ ਮੈਂ ਸੁਣਦਿਆਂ ਈ ਮਰ ਗਈ ਜੇ ਨੀ
ਤੁਸਾਂ ਇਹ ਜਦੋਕਨੀ ਗੱਲ ਟੋਰੀ ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ
ਗਏ ਟੁੱਟ ਸਤਰਾਨ ਤੇ ਅਕਲ ਡੁੱਬੀ ਮੈਂ ਤੇ ਧੁਖ ਕਲੇਡੜੇ ਪਈ ਜੇ ਨੀ
ਕੀਕੂੰ ਕੰਨ ਪੜਾਇਕੇ ਜੀਂਵਦਾ ਏ ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ
ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ ਮੁੱਠੀਂ ਮੀਟ ਕੇ ਮੈਂ ਬਹਿ ਗਈ ਜੇ ਨੀ
ਮੱਸੋ ਭਿੰਨੇਦਾ ਨਾਉਂ ਜਾਂ ਲੈਂਦੀਆਂ ਹੋ ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ
ਕਿਵੇਂ ਦੇਖੀਏ ਓਸ ਮਸਤਾਨੜੇ ਨੂੰ ਜਿਸ ਦੀ ਤ੍ਰਿੰਜਣਾਂ ਵਿੱਚ ਪਿਉ ਪਈ ਜੇ ਨੀ
ਦੇਖਾਂ ਕਿਹੜੇ ਦੇਸ ਦਾ ਉਹ ਜੋਗੀ ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ
ਇੱਕ ਪੋਸਤ ਧਤੂਰਾ ਭੰਗ ਪੀ ਕੇ ਮੌਤ ਓਸ ਨੇ ਮੁੱਲ ਕਿਊ ਲਈ ਜੇ ਨੀ
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਬੀ ਕੌਣ ਕਰੇ ਗਾ ਓਸ ਦੀ ਸਹੀ ਜੇ ਨੀ
ਭਾਵੇਂ ਭੁੱਖੜਾ ਰਾਹ ਵਿੱਚ ਰਹੇ ਢੱਠਾ ਕਿਸੇ ਖਬਰ ਨਾ ਓਸ ਦੀ ਲਈ ਜੇ ਨੀ
ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ ਮੈਂ ਤਾਂ ਨਿੱਘੜੀ ਬੋੜ ਹੋ ਗਈ ਜੇ ਨੀ
ਨਹੀਂ ਰੱਬ ਦੇ ਜ਼ਜ਼ਬ ਤੋਂ ਲੋਕ ਡਰਦਾ ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ
ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ ਦਿੱਤਾ ਰੱਬ ਦਾ ਮਾਉਂ ਸਹਿ ਗਈ ਜੇ ਨੀ
ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ
ਵਾਰਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ ਖਲਕ ਮਗਰ ਕਿਉਂ ਓਸ ਦੇ ਪਈ ਜੇ ਨੀ