ਰਾਂਝਾ ਖਪਰੀ ਪਕੜ ਕੇ ਗਜ਼ੇ ਚੜ੍ਹਿਆ ਸਿੰਙੀ ਦਵਾਰ ਬਦਵਾਰ ਵਜਾਉਂਦਾ ਏ
ਕੋਈ ਦੇ ਸੀਧਾ ਕੋਈ ਪਾਏ ਟੁੱਕੜ ਕੋਈ ਥਾਲੀਆਂ ਪੁਰਸ ਲਿਆਉਂਦਾ ਏ
ਕੋਈ ਆਖਦੀ ਜੋਗੀੜਾ ਨਵਾਂ ਬਣਿਆ ਰੰਗ ਰੰਗ ਦੀ ਕਿੰਗ ਵਜਾਉਦਾ ਏ
ਕੋਈ ਦੇ ਗਾਲ਼ੀ ਧਾੜੇ ਮਾਰ ਫਿਰਦਾ ਕੋਈ ਬੋਲਦੀ ਜੋ ਮਨ ਭਾਂਉਦਾ ਏ
ਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ ਸਾਨੂੰ ਆਸਰਾ ਫਕਰ ਦੇ ਨਾਉਂ ਦਾ ਏ
ਕੋਈ ਆਖਦੀ ਮਸਤਿਆ ਚਾਕ ਫਿਰਦਾ ਨਾਲ ਮਸਤੀਆਂ ਘੂਰਦਾ ਗਾਉਂਦਾ ਏ
ਕੋਈ ਆਖਦੀ ਮਸਤ ਦੀਵਾਨੜਾ ਹੈ ਬੁਰਾ ਲੇਖ ਜਨੇਂਦੜੀ ਮਾਉਂ ਦਾ ਏ
ਕੋਈ ਆਖਦੀ ਠੱਗ ਉਧਾਲ ਫਿਰਦਾ ਸੂੰਹਾ ਚੋਰਾਂ ਦੇ ਕਿਸੇ ਰਾਉਂਦਾ ਏ
ਲੜੇ ਭਿੜੇ ਤੇ ਗਾਲ਼ੀਆਂ ਦੇ ਲੋਕਾਂ ਠਠੇ ਮਾਰਦਾ ਲੋੜ੍ਹ ਕਮਾਉਂਦਾ ਏ
ਆਟਾ ਕਣਕ ਦਾ ਲਏ ਤੇ ਘਿਉ ਭੱਤਾ ਦਾਣਾ ਟੁਕੜਾ ਗੋਦ ਨਾ ਪਾਉਂਦਾ ਏ
ਵਾਰਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ ਘਰੋ ਘਰੀ ਮੁਬਾਰਕਾਂ ਲਿਆਉਂਦਾ ਏ