ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ ਸੱਭੇ ਅੜਤਨੇ ਪੜਤਨੇ ਪਾੜ ਸੁੱਟੇ
ਪੁਣੇ ਦਾਦ ਪੜਦਾਦੜੇ ਜੋਗੀੜੀ ਦੇ ਸੱਭੇ ਟੰਗਨੇ ਤੇ ਸਾਕ ਟਾੜ੍ਹ ਸੁੱਟੇ
ਮਾਰ ਬੋਲੀਆਂ ਗਾਲ਼ੀਆਂ ਦੇ ਜੱਟੀ ਸਭ ਫਕਰ ਦੇ ਪਿਤੜੇ ਸਾੜ ਸੁੱਟੇ
ਜੋਗੀ ਰੋਹ ਦੇ ਨਾਲ ਖੜਲੱਤ ਘੱਤੀ ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ
ਜੱਟੀ ਜ਼ਮੀਂ ਤੇ ਪਟੜੇ ਵਾਂਗ ਢੱਠੀ ਜੈਸੇ ਵਾਹਰੂ ਫਟ ਕੇ ਧਾੜ ਸੁਟੇ
ਵਾਰਸ ਸ਼ਾਹ ਮੀਆਂ ਜਿਵੇਂ ਮਾਰ ਤੇਸ਼ੇ ਫਰਹਾਦ ਨੇ ਚੀਰ ਪਹਾੜ ਸੁੱਟੇ