ਫਿਰਨ ਬੁਰਾ ਹੈ ਜੱਗ ਤੇ ਏਨ੍ਹਾਂ ਤਾਈਂ ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ
ਫਿਰੇ ਕੌਲ ਜ਼ਬਾਨ ਜਵਾਨ ਰੰਨ ਥੀਂ ਸਤਰਦਾਰ ਘਰ ਛੋੜ ਮਾਅਕੂਲ ਨਾਹੀਂ
ਰਜ਼ਾ ਅੱਲਾਹ ਦੀ ਹੁਕਮ ਕਤੱਈ ਜਾਣੋ ਕੁਤਬ ਕੋਹ ਕਾਅਬਾ ਮਾਅਮੂਲ ਨਾਹੀਂ
ਰੰਨ ਆ ਵਿਗਾੜ ਤੇ ਚਹਿ ਚੜ੍ਹੀ ਫਕਰ ਆਏ ਜਾਂ ਕਹਿਰ ਕਲੂਲ ਨਾਹੀਂ
ਜ਼ਿੰਮੀਂਦਾਰ ਕਨਕੂਤਿਆਂ ਖੁਸ਼ੀ ਨਾਹੀਂ ਅਤੇ ਅਹਿਮਕ ਕਦੇ ਮਲੂਲ ਨਾਹੀਂ
ਵਾਰਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ ਵੇਖਾਂ ਮੰਨ ਲਏ ਕਿ ਕਬੂਲ ਨਾਹੀਂ