ਅਸਾਂ ਜਾਦੂੜੇ ਘੋਲ ਕੇ ਸਭ ਪੀਤੇ ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ ਨਹੀਂ ਜਾਣਦਾ ਸਾਡੀਆਂ ਚਾਲਿਆਂ ਨੂੰ
ਸਕੇ ਭਾਈਆਂ ਨੂੰ ਕਰਨ ਨਫਰ ਰਾਜੇ ਬਹਾਂਵਦੇ ਸਾਲਿਆਂ ਨੂੰ
ਸਰਕੱਪ ਰਸਾਲੂ ਨੂੰ ਵਖਤ ਪਾਇਆ ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰ
ਰਾਵਨ ਲੰਕ ਲੁਟਾਇਕੇ ਗਰਦ ਹੋਇਆ ਸੀਤਾ ਵਾਸਤੇ ਭੇਖ ਦਖਾਲਿਆਂ ਨੂੰ
ਯੂਸਫ ਬੰਦ ਵਿੱਚ ਪਾ ਜ਼ਹੀਰ ਕੀਤਾ ਸੱਸੀ ਵਖਤ ਪਾਇਆ ਉਠਾਂ ਵਾਲਿਆਂ ਨੂੰ
ਰਾਂਝਾ ਚਾਰ ਕੇ ਮਹੀਂ ਫਕੀਰ ਹੋਇਆ ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰ
ਰੋਡਾ ਵੱਢ ਕੇ ਡੱਕਰੇ ਨਦੀ ਪਾਇਆ ਤੇ ਜਲਾਲੀ ਦੇ ਦੇਖ ਲੈ ਚਾਲਿਆਂ ਨੂੰ
ਫੋਗੂ ਉਮਰ ਬਾਦਸ਼ਾ ਖੁਆਰ ਹੋਇਆ ਮਿਲੀ ਮਾਰੂਨ ਢੋਲ ਦੇ ਰਾਲਿਆਂ ਨੂੰ
ਵਲੀ ਬਲਅਮ ਬਾਔਰ ਈਮਾਨ ਦਿੱਤਾ ਦੇਖ ਡੋਬਿਆ ਬੰਦਗੀ ਵਾਲਿਆਂ ਨੂੰ
ਮਹੀਂਵਾਲ ਤੋਂ ਸੋਹਣੀ ਰਹੀ ਐਵੇਂ ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ
ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ ਡੋਬ ਡਾਬ ਕੇ ਖੱਟਿਆ ਖਾਲਿਆਂ ਨੂੰ
ਰੰਨਾ ਮਾਰ ਲੜਾਏ ਅਮਾਮ ਜ਼ਾਦੇ ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰ
ਵਾਰਸ ਸ਼ਾਹ ਤੂੰ ਜੋਗੀਆ ਕੌਣ ਹੁੰਨਾਏਂ ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ