ਸੋਇਨਾ ਰੁਪੜਾ ਸ਼ਾਨ ਸਵਾਨੀਆਂ ਦਾ ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ
ਗਧਾ ਅਰਦਕਾਂ ਨਾਲ ਨਾ ਹੋਇ ਘੋੜਾ ਬਾਂਬਹਿ ਪਰੀ ਨਾ ਹੋਏ ਯਰੋਲੀਏ ਨੀ
ਰੰਗ ਗੋਰੜੇ ਨਾਲ ਤੂੰ ਜੱਗ ਮੁੱਠਾ ਵਿੱਚੋ ਗੁਣਾਂ ਦੇ ਕਾਰਨੇ ਪੋਲੀਏ ਨੀ
ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇ ਚੋਰਾਂ ਯਾਰਾਂ ਦੇ ਵਿੱਚ ਵਚੋਲੀਏ ਨੀ
ਅਸਾਂ ਪੀਰ ਕਿਹਾ ਤੂੰ ਹੀਰ ਆਖੇਂ ਭੁਲ ਗਈ ਹੈਂ ਸੁਨਣ ਵਿੱਚ ਭੋਲੀਏ ਨੀ
ਅੰਤ ਇਹ ਜਹਾਨ ਹੈ ਛੱਡ ਜਾਣਾ ਐਡੇ ਕੁਫਰ ਅਪਰਾਧ ਕਿਉਂ ਤੋਲੀਏ ਨੀ
ਫਕਰ ਅੱਲਾਹ ਦੀ ਹੈਨ ਸੂਰਤ ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀ
ਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ ਨੈਨਾਂ ਵਾਲੀਏ ਸ਼ੋਖ ਮਮੋਲੀਏ ਨੀ
ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ ਅੱਬਾ ਜਿਉਣੀਏ ਆਲੀਏ ਭੋਲੀਏ ਨੀ
ਵਾਰਸ ਸ਼ਾਹ ਕੀਤੀ ਗੱਲ ਹੋਇ ਚੁੱਕੀ ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ