ਫੇਰ ਭੇਜਿਆ ਬੀਰ ਬਤਾਲਿਆ ਵੇ ਔਖੇ ਇਸ਼ਕ ਦੇ ਝਾੜਨੇ ਪਾਵਨੇ ਵੇ
ਨੈਨਾਂ ਦੇਖ ਕੇ ਮਾਰਨੀ ਫੂਕ ਸਾਹਵੇਂ ਸੁੱਤੇ ਪਰੇਮ ਦੇ ਨਾਗ ਜਗਾਵਨੇ ਵੇ
ਕਦੋਂ ਯੂਸਫੀ ਤਿਬ ਮੀਜ਼ਾਨ ਪੜ੍ਹਿਉਂ ਦਸਤੂਰ ਇਲਾਜ ਸਿਖਾਵਨੇ ਵੇ
ਕਰਤਾਸ ਸਕੰਦਰੀ ਤਿਬ ਅਕਬਰ ਜ਼ਖੀਰਿਉਂ ਬਾਬ ਸਣਾਵਨੇ ਵੇ
ਕਾਨੂੰਨ ਮੋਜਜ਼ ਤੁਹਫਾ ਮੋਮਨੀਨ ਭੀ ਕਫਾਇਆ ਮਨਸੂਰੀ ਥੀਂ ਪਾਵਨੇ ਵੇ
ਪਰਾਨ ਸੰਗਲੀ ਵੈਦ ਮਨੌਤ ਸਿਮਰਤ ਨਿਰਘਟ ਦੇ ਧਿਆਇ ਵਿਫਲਾਵਨੇ ਵੇ
ਕਰਾਬਾ ਦੀਨ ਸ਼ਫਾਈ ਤੇ ਕਾਦਰੀ ਭੀ ਮੁਤਫਰਕਾ ਤਿਬ ਪੜ੍ਹ ਜਾਵਨੇ ਵੇ
ਰਤਨ ਜੋਤ ਤੇ ਸਾਖ ਬਲਮੀਕ ਸੋਜਨ ਸੁਖ ਦਿਆ ਗੰਗਾ ਤੈਂ ਥੀ ਆਵਨੇ ਵੋ
ਫੈਲਸੂਫ ਜਹਾਂ ਦੀਆਂ ਅਸੀਂ ਰੰਨਾਂ ਸਾਡੇ ਮਕਰ ਦੇ ਭੇਤ ਕਿਸ ਪਾਵਨੇ ਵੇ
ਅਫਲਾਤੂਨ ਸ਼ਾਗਿਰਦ ਜ਼ੁਲਾਮ ਅਰੱਸਤੂ ਲੁਕਮਾਨ ਥੀਂ ਪੈਰ ਧੁਆਵਨੇ ਵੇ
ਜਿੰਨਾ ਏਸ ਨੂੰ ਝੰਗ ਸਿਆਲ ਵਾਲੇ ਕਾਬੂ ਕਿਸੇ ਦੇ ਇਹ ਨਾ ਆਵਨੇ ਵੇ
ਗੱਲਾਂ ਚਾਇ ਚਵਾ ਦੀਆਂ ਬਹੁਤ ਕਰਨਾਏ ਇਹ ਰੋਗ ਨਾ ਤੁਧ ਥੀਂ ਜਾਵਨੇ ਵੇ
ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ ਠੱਗ ਫਿਰਦੇ ਨੇ ਰੰਨਾਂ ਵਲਾਵਨੇ ਵੇ
ਜਿਹੜੇ ਮਕਰ ਦੇ ਪੈਰ ਖਲਾਰ ਬੈਠੇ ਬਿਨਾਂ ਫਾਟ ਖਾਦੇ ਨਾਹੀਂ ਜਾਵਨੇ ਵੇ
ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ ਹੱਡ ਗੋਡੜੇ ਤਿਨ੍ਹਾਂ ਭਨਾਵਨੇ ਵੇ
ਵਾਰਸ ਸ਼ਾਹ ਇਹ ਮਾਰ ਹੈ ਵਸਤ ਐਸੀ ਜਿੰਨ ਭੂਤ ਤੇ ਦੇਵ ਨਿਵਾਵਨੇ ਵੇ