ਮਹਿਬੂਬ ਅੱਲਾਹ ਦੇ ਲਾਡਲੇ ਹੋ ਏਸ ਵੌਹਟੜੀ ਨੂੰ ਕੋਈ ਸੂਲ ਹੈ ਜੀ
ਕੋਈ ਗੁਝੜਾ ਰੋਗ ਹੈ ਏਸ ਧਾਨਾ ਪਈ ਨਿਤ ਇਹ ਰਹੇ ਰੰਜੂਲ ਹੈ ਜੀ
ਹੱਥੋਂ ਲੁੜ੍ਹ ਵਿੰਹਦੀ ਲਾਹੂ ਲੱਥੜੀ ਹੈ ਦੇਹੀ ਹੋ ਜਾਂਦੀ ਮਖਬੂਲ ਹੈ ਜੀ
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ ਹਰ ਕਿਸੇ ਦੇ ਨਾਲ ਮਾਅਕੂਲ ਹੈ ਜੀ
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ ਇਹ ਵੌਹਟੜੀ ਘਰੇ ਦਾ ਮੂਲ ਹੈ ਜੀ
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ ਜੇਹਾ ਕਾਫਰਾਂ ਨਾਲ ਰਸੂਲ ਹੈ ਜੀ
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ ਜੋ ਕੁੱਝ ਆਖਦੀ ਸਭ ਕਬੂਲ ਹੈ ਜੀ
ਵਾਰਸ ਪਲੰਘ ਤੇ ਕਦੇ ਨਾ ਉੱਠ ਬੈਠੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ