ਮਾਨੀ ਮੱਤੀਏ ਰੂਪ ਗੁਮਾਨ ਭਰੀਏ ਭੈੜੋ ਕਾਰੀਏ ਗਰੱਬ ਗਹੇਲੀਏ ਨੀ
ਐਡੇ ਫਨ ਫਰੇਬ ਕਿਉਂ ਖੇਡਨੀ ਹੈਂ ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ
ਏਸ ਹੁਸਨ ਦਾ ਨਾ ਗੁਮਾਨ ਕੀਚੈ ਮਾਨ ਮੱਤੀਏ ਰੂਪ ਰੁਹੇਲੀਏ ਨੀ
ਤੇਰੀ ਭਾਬੀ ਦੀ ਨਹੀਂ ਪਰਵਾ ਸਾਨੂੰ ਵੱਡੀ ਹੀਰ ਦੀ ਅੰਗ ਸਹੇਲੀਏ ਨੀ
ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ
ਕੇਹਾ ਵੈਰ ਫਕੀਰ ਦੇ ਨਾਲ ਚਾਇਉ ਪਿੱਛਾ ਛੱਡ ਅਨੋਖੀਏ ਲੇਲੀਏ ਨੀ
ਇਹ ਜੱਟੀ ਸੀ ਕੂੰਜ ਤੇ ਜੱਟ ਉੱਲੂ ਪਰ ਬੱਧਿਆ ਜੇ ਗੁਲ ਖੇਲੀਏ ਨੀ
ਵਾਰਸ ਜਿਨਸ ਦੇ ਨਾਲ ਹਮਜਿਨਸੀ ਬਣਦੀ ਭੋਰ ਤਾਜ਼ ਨਾਂ ਗਧੇ ਗਲ ਮੇਲੀਏ ਨੀ