ਬੋਲੀ ਹੀਰ ਵੇ ਅੜਿਆ ਜਾ ਸਾਥੋਂ ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ
ਪਰਦੇਸੀਆਂ ਜੋਗੀਆਂ ਕਮਲਿਆਂ ਨੂੰ ਵਿੱਚੋਂ ਜਿਉ ਦਾ ਭੇਤ ਚਾ ਦੱਸੀਏ ਕਿਊਂ
ਜੇ ਤਾਂ ਜਫਾ ਨਾ ਜਾਲਿਆ ਜਾਏ ਜੋਗੀ ਜੋਗ ਪੰਥ ਆਇਕੇ ਧੱਸੀਏ ਕਿਊਂ
ਜੇ ਤੂੰ ਅੰਤ ਰੰਨਾ ਵਲ ਵੇਖਣਾ ਸੀ ਵਾਹੀ ਜੋਤਰੇ ਛੱਡ ਕੇ ਨੱਸੀਏ ਕਿਊਂ
ਜੇ ਤਾਂ ਆਪ ਇਲਾਜ ਨਾ ਜਾਣੀਏ ਵੇ ਜਿਨ ਭੂਤ ਤੇ ਜਾਦੁੜੇ ਦੱਸੀਏ ਕਿਊਂ
ਫਕੀਰ ਭਾਰੜੇ ਗੋਰੜੇ ਹੋ ਰਹੀਏ ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਊਂ
ਜਿਹੜਾ ਕੰਨ ਲਪੇਟ ਕੇ ਨੱਸ ਜਾਏ ਮਗਰ ਲੱਗ ਕੇ ਓਸ ਨੂੰ ਧੱਸੀਏ ਕਿਊਂ
ਵਾਰਸ ਸ਼ਾਹ ਉਜਾੜ ਦੇ ਵਸਦਿਆਂ ਨੂੰ ਆਪ ਖੈਰ ਦੇ ਨਾਲ ਫੇਰ ਵੱਸੀਏ ਕਿਊਂ