ਮੈਂ ਇਕੱਲੜਾ ਕੁੱਲ ਨਜਾਣਨਾ ਹਾਂ ਤੁਸੀਂ ਦੋਵੇਂ ਨਨਾਣ ਭਰਜਾਈਆਂ ਨੀ
ਮਾਲਜ਼ਾਦੀਆਂ ਵਾਂਗ ਬਣਾ ਤੇਰੀ ਪਾ ਬੈਠੀ ਹੈਂ ਸੁਰਮ ਸਲਾਈਆਂ ਨੀ
ਪੈਰ ਪਕੜ ਫਕੀਰ ਦੇ ਦੇ ਭਿਛਿਆ ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ ਗੁੱਸੇ ਹੋ ਨਾ ਭਲਿਆਂ ਦੀਆਂ ਜਾਈਆਂ ਨੀ
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ
ਜਿਸ ਰੱਬ ਦੇ ਅਸੀਂ ਫਕੀਰ ਹੋਏ ਦੇਖ ਕੁਦਰਤਾਂ ਓਸ ਦਖਾਈਆਂ ਨੀ
ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ ਤਾਂਹੀ ਗਾਲ਼ੀਆਂ ਦੇਣੀਆਂ ਲਾਈਆਂ ਨੀ
ਵਾਰਸ ਸ਼ਾਹ ਉਹ ਸਦਾ ਹੀ ਜਿਊਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ