ਹੀਰ ਆਖਦੀ ਏਸ ਫਕੀਰ ਨੂੰ ਨੀ ਕੇਹਾ ਘਤਿਉ ਜ਼ੈਬ ਦਾ ਵਾਇਦਾ ਈ
ਏਨ੍ਹਾਂ ਆਜਜ਼ਾਂ ਭੌਰ ਨਮਾਣਿਆਂ ਨੂੰ ਪਈ ਮਾਰਨੀ ਹੈਂ ਕੇਹਾ ਫਾਇਦਾ ਈ
ਅੱਲਾਹ ਵਾਲਿਆਂ ਨਾਲ ਕੀ ਵੈਰ ਪਈ ਹੈਂ ਭਲਾ ਕਵਾਰੀਏ ਏਹ ਕੀ ਕਾਇਦਾ ਈ
ਪੈਰ ਚੁੰਮ ਫਕੀਰ ਦੀ ਟਹਿਲ ਕੀਚੇ ਏਸ ਕੰਮ ਵਿੱਚ ਖੈਰ ਦਾ ਜ਼ਾਇਦਾ ਈ
ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ ਕੌਣ ਜਾਣਦਾ ਕਿਹੜੀ ਜਾਇ ਦਾ ਈ
ਵਾਰਸ ਸ਼ਾਹ ਫਕੀਰ ਜੇ ਹੋਣ ਗੁੱਸੇ ਖੌਫ ਸ਼ਹਿਰ ਨੂੰ ਕਹਿਤ ਵਬਾ ਦੀ ਈ