ਨਵੀਂ ਨੋਚੀਏ ਕੰਚਨੀਏ ਯਾਰਨੀਏ ਨੀ ਕਾਰੇ ਹੱਥੀਏ ਚਾਕ ਦੀਏ ਪਿਆਰੀਏ ਨੀ
ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ ਬੇਲੀ ਘੇਰ ਲੈ ਜਾਣੀਏ ਡਾਰੀਏ ਨੀ
ਆਪ ਭਲੀ ਹੋਬਹੇਂ ਤੇ ਅਸੀਂ ਬੁਰੀਆਂ ਕਰੇਂ ਖਚਰਪੌ ਰੂਪ ਸੰਘਾਰੀਏ ਨੀ
ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ
ਆ ਜੋਗੀ ਨੂੰ ਲਏਂ ਛੁਡਾ ਸਾਥੋਂ ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ
ਵਾਰਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ ਕਰੀਏ ਸਾਥ ਤਾਂ ਪਾਰ ਉਤਾਰੀਏ ਨੀ